ਇਨ੍ਹਾਂ ਪੰਜ ਚੀਜ਼ਾਂ ਬਿਨਾਂ ਅਧੂਰਾ ਹੈ ਕਰਵਾ ਚੌਥ ਵਰਤ, ਪੜ੍ਹੋ ਇਹ ਕਿਉਂ ਹੈ ਜ਼ਰੂਰੀ

ਅਖੰਡ ਸੌਭਾਗਿਆ ਲਈ ਕੀਤਾ ਜਾਣ ਵਾਲਾ ਕਰਵਾ ਚੌਥ ਦਾ ਵਰਤ ਇਸ ਸਾਲ 17 ਅਕਤੂਬਰ ਨੂੰ ਹੈ। ਹਰ ਵਰਤ ਦੇ ਕੁਝ ਆਪਣੇ ਨਿਯਮ ਹੁੰਦੇ ਹਨ ਜਿਨ੍ਹਾਂ ਦੀ ਪਾਲਣਾ ਬੇਹੱਦ ਜ਼ਰੂਰੀ ਮੰਨੀ ਜਾਂਦੀ ਹੈ। ਇਸ ਦੇ ਨਾਲ ਹੀ ਵਰਤ ਨਾਲ ਜੁੜੇ ਕੁਝ ਰੀਤੀ-ਰਿਵਾਜ ਵੀ ਹੁੰਦੇ ਹਨ ਜਿਨ੍ਹਾਂ ਨੂੰ ਨਿਭਾਇਆ ਜਾਂਦਾ ਹੈ। ਇਸ ਤਰ੍ਹਾਂ ਨਾਲ ਕਰਵਾ ਚੌਥ ਦੇ ਵੀ ਕੁਝ ਨਿਯਮ ਤੇ ਰਿਵਾਜ ਹਨ ਜਿਨ੍ਹਾਂ ਦੀ ਪਾਲਣਾ ਕੀਤੀ ਜਾਂਦੀ ਹੈ। ਇਨ੍ਹਾਂ ਬਿਨਾਂ ਵਰਤ ਅਧੂਰਾ ਮੰਨਿਆ ਜਾਂਦਾ ਹੈ। ਆਓ ਜੋਤਿਸ਼ ਆਚਾਰੀਆ ਪੰਡਤ ਗਣੇਸ਼ ਪ੍ਰਸਾਦ ਮਿਸ਼ਰ ਤੋਂ ਜਾਣਦੇ ਹਾਂ ਕਰਵਾ ਚੌਥ ਨਾਲ ਜੁੜੇ ਕੁਝ ਨਿਯਮ ਤੇ ਰਿਵਾਜਾਂ ਬਾਰੇ…

1. ਸਰਗੀ ਦਾ ਤੋਹਫ਼ਾ ਸਰਗੀ ਤੋਂ ਹੀ ਕਰਵਾ ਚੌਥ ਵਰਤ ਦਾ ਆਰੰਭ ਮੰਨਿਆ ਗਿਆ ਹੈ। ਹਰ ਸੱਸ ਆਪਣੀ ਨੂੰਹ ਨੂੰ ਸਰਗੀ ਦਿੰਦੀ ਹੈ ਤੇ ਵਰਤ ਪੂਰਨ ਹੋਣ ਦਾ ਅਸ਼ੀਰਵਾਦ ਦਿੰਦੀ ਹੈ। ਸਰਗੀ ‘ਚ ਮਠਿਆਈ, ਫਲ ਆਦਿ ਹੁੰਦੇ ਹਨ ਜੋ ਸੂਰਜ ਚੜ੍ਹਨ ਸਮੇਂ ਨੂੰਹ ਵਰਤ ਤੋਂ ਪਹਿਲਾਂ ਖਾਂਦੀ ਹੈ। ਜਿਸ ਨਾਲ ਪੂਰਾ ਦਿਨ ਉਸ ਨੂੰ ਊਰਜਾ ਮਿਲਦੀ ਹੈ ਤਾਂ ਜੋ ਉਹ ਵਰਤ ਆਸਾਨੀ ਨਾਲ ਪੂਰਾ ਕਰ ਸਕੇ।

2. ਨਿਰਜਲਾ ਵਰਤ ਦਾ ਵਿਧਾਨ ਕਰਵਾ ਚੌਥ ਦਾ ਵਰਤ ਨਿਰਜਲਾ ਰੱਖਿਆ ਜਾਂਦਾ ਹੈ। ਇਸ ਦੌਰਾਨ ਵਰਤ ਕਰਨ ਵਾਲੀ ਔਰਤ ਨੂੰ ਪੂਰਾ ਦਿਨ ਤਕ ਕੁਝ ਵੀ ਖਾਣਾ ਤੇ ਪੀਣਾ ਮਨ੍ਹਾਂ ਹੁੰਦਾ ਹੈ। ਜਲ ਦਾ ਤਿਆਗ ਕਰਨਾ ਪੈਂਦਾ ਹੈ। ਵਰਤੀ ਆਪਣੀ ਕਠੋਰ ਵਰਤ ਰਾਹੀਂ ਮਾਂ ਗੌਰੀ ਤੇ ਭਗਵਾਨ ਸ਼ਿਵ ਨੂੰ ਖ਼ੁਸ਼ ਕਰਨ ਦਾ ਯਤਨ ਕਰਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਅਖੰਡ ਸੁਹਾਗ ਤੇ ਸੁੱਖੀ ਵਿਆਹੁਤਾ ਜੀਵਨ ਦਾ ਅਸ਼ੀਰਵਾਦ ਪ੍ਰਾਪਤ ਹੋਵੇ। ਹਾਲਾਂਕਿ ਗਰਭਵਤੀ, ਬਿਮਾਰ ਤੇ ਦੁੱਧ ਪਿਆਉਣ ਵਾਲੀਆਂ ਔਰਤਾਂ ਦੁੱਧ, ਚਾਹ, ਜਲ ਆਦਿ ਗ੍ਰਹਿਣ ਕਰ ਸਕਦੀਆਂ ਹਨ।

3. ਸ਼ਿਵ ਤੇ ਗੌਰੀ ਦੀ ਪੂਜਾ ਕਰਵਾ ਚੌਥ ਦੇ ਵਰਤ ‘ਚ ਸਵੇਰ ਤੋਂ ਹੀ ਸ਼੍ਰੀ ਗਣੇਸ਼, ਭਗਵਾਨ ਸ਼ਿਵ ਤੇ ਮਾਤਾ ਗੌਰੀ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਨੂੰ ਅਖੰਡ ਸੌਭਾਗਿਆ, ਯਸ਼ ਤੇ ਕੀਰਤੀ ਪ੍ਰਾਪਤ ਹੋ ਸਕੇ। ਪੂਜਾ ‘ਚ ਮਾਤਾ ਗੌਰੀ ਤੇ ਭਗਵਾਨ ਸ਼ਿਵ ਦੇ ਮੰਤਰਾਂ ਦਾ ਜਾਪ ਕੀਤਾ ਜਾਂਦਾ ਹੈ। 4. ਸ਼ਿਵ-ਗੌਰੀ ਦੀ ਮਿੱਟੀ ਦੀ ਮੂਰਤੀ ਕਰਵਾ ਚੌਥ ‘ਚ ਪੂਜਾ ਲਈ ਸ਼ੁੱਧ ਪੀਲੀ ਮਿੱਟੀ ਨਾਲ ਸ਼ਿਵ, ਗੌਰੀ ਤੇ ਗਣੇਸ਼ ਜੀ ਦੀ ਮੂਰਤੀ ਬਣਾਈ ਜਾਂਦੀ ਹੈ। ਫਿਰ ਉਨ੍ਹਾ ਨੂੰ ਚੌਕੀ ‘ਤੇ ਲਾਲ ਕੱਪੜਾ ਵਿਛਾ ਕੇ ਸਥਾਪਿਤ ਕੀਤਾ ਜਾਂਦਾ ਹੈ। ਮਾਤਾ ਗੌਰੀ ਨੂੰ ਸੰਧੂਰ, ਬਿੰਦੀ, ਚੁੰਨੀ ਤੇ ਭਗਵਾਨ ਸ਼ਿਵ ਨੂੰ ਚੰਦਨ, ਫੁੱਲ ਤੇ ਕੱਪੜੇ ਆਦਿ ਪਾਏ ਜਾਂਦੇ ਹਨ।

ਸ਼੍ਰੀਗਣੇਸ਼ ਉਨ੍ਹਾਂ ਦੀ ਗੋਦੀ ‘ਚ ਬੈਠਦੇ ਹਨ। ਕਈ ਥਾਵਾਂ ‘ਤੇ ਕੰਧ ‘ਤੇ ਮਿੱਟੀ ਨਾਲ ਚਿੱਤਰ ਅੰਕਿਤ ਕਰਦੇ ਹਨ। ਫਿਰ ਦੂਸਰੇ ਦਿਨ ਕਰਵਾ ਚੌਥ ਦੀ ਪੂਜਾ ਸਮਾਪਤ ਹੋਣ ਤੋਂ ਬਾਅਦ ਘਿਉ-ਬੂਰੇ ਦਾ ਭੋਗ ਲਗਾ ਕੇ ਉਨ੍ਹਾਂ ਵਿਸਰਜਿਤ ਕਰਦੇ ਹਨ। 5. ਕਰਵਾ ਚੌਥ ਦੀ ਕਥਾ ਸੁਣਨੀ ਦਿਨ ਵਿਚ ਪੂਜਾ ਦੀ ਤਿਆਰੀ ਤੋਂ ਬਾਅਦ ਸ਼ਾਮ ਨੂੰ ਔਰਤਾਂ ਇਕ ਜਗ੍ਹਾ ਇਕੱਤਰ ਹੁੰਦੀਆਂ ਹਨ। ਉੱਥੇ ਹੀ ਪੰਡਿਤ ਜੀ ਜਾਂ ਉਮਰਦਰਾਜ ਔਰਤਾਂ ਕਰਵਾ ਚੌਥ ਦੀ ਕਥਾ ਸੁਣਾਉਂਦੀਆਂ ਹਨ।

ਥਾਲੀ ਘੁੰਮਾਉਣੀ ਕਰਵਾ ਚੌਥ ਦੀ ਕਥਾ ਸੁਣਨ ਤੋਂ ਬਾਅਦ ਸਾਰੀਆਂ ਔਰਤਾਂ ਸੱਤ ਵਾਰ ਥਾਲੀ ਘੁੰਮਾਉਂਦੀਆਂ ਹਨ। ਥਾਲੀ ‘ਚ ਉਹੀ ਸਾਮਾਨ ਤੇ ਪੂਜਾ ਸਮੱਗਰੀ ਰੱਖਦੀਆਂ ਜੋ ਸੱਸ ਨੂੰ ਦਿੱਤਾ ਜਾਵੇਗਾ। ਪੂਜਾ ਤੋਂ ਬਾਅਦ ਸੱਸ ਦੇ ਪੈਰ ਛੂਹ ਕੇ ਇਹ ਸਾਮਾਨ ਭੇਟ ਸਰੂਪ ਦਿੱਤਾ ਜਾਂਦਾ ਹੈ। 6. ਕਰਵੇ ਜਾਂ ਗੜਵੀ ਨੂੰ ਸੱਤ ਵਾਰ ਘੁੰਮਾਉਣਾ ਕਰਵੇ ਜਾਂ ਗੜਵੀ ਨੂੰ ਸੱਤ ਵਾਰ ਫੇਰਨ ਦਾ ਰਿਵਾਜ ਹੈ। ਇਸ ਦਾ ਮਤਲਬ ਹੈ ਕਿ ਘਰ ਦੀਆਂ ਔਰਤਾਂ ‘ਚ ਆਪਸੀ ਪਿਆਰ ਦਾ ਬੰਧਨ ਹੈ। ਇਕੱਠੇ ਮਿਲ ਕੇ ਪੂਜਾ ਕਰੋ ਤੇ ਕਹਾਣੀ ਸੁਣਨ ਤੋਂ ਬਾਅਦ ਦੋ-ਦੋ ਔਰਤਾਂ ਆਪਣੇ ਕਰਵੇ ਸੱਤ ਵਾਰ ਘੁੰਮਾਉਂਦੀਆਂ ਹਨ ਜਿਸ ਨਾਲ ਘਰ ‘ਚ ਸਾਰੇ ਪਿਆਰ ਦੇ ਬੰਧਨ ‘ਚ ਮਜ਼ਬੂਤੀ ਨਾਲ ਬੱਝੇ ਰਹਿਣ।

ਇੱਕ ਵਾਰ ਫਿਰ ਤੋ ਅੱਤਵਾਦੀ ਹਮਲੇ ਦਾ ਖਤਰਾ, ਇਸ ਵਾਰ ਹਿੱਟਲਿਸਟ ਤੇ ਕਈ ਆਗੂ

ਪੰਜਾਬ ‘ਚ ਅੱਤਵਾਦੀ ਹਮਲੇ ਦੇ ਖ਼ਤਰੇ ਕਾਰਨ ਸੁਰੱਖਿਆ ਬੇਹੱਦ ਪੁਖ਼ਤਾ ਕਰ ਦਿੱਤੀ ਗਈ ਹੈ। ਪਠਾਨਕੋਟ ‘ਚ ਅੱਤਵਾਦੀ ਹਮਲੇ ਦਾ ਇਨਪੁੱਟ ਮਿਲਣ ਤੋਂ ਬਾਅਦ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸੁਰੱਖਿਆ ਬਲਾਂ ਸਮੇਤ ਪ੍ਰਸ਼ਾਸਨ ਤੇ ਪੁਲਿਸ ਨੇ ਤਿਆਰੀ ਵਿੱਢ ਦਿੱਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਸਾਰੇ ਵਿਭਾਗਾਂ ਨੂੰ ਆਪਣੀਆਂ ਐਮਰਜੈਂਸੀ ਸੇਵਾਵਾਂ ਨੂੰ ਅਲਰਟ ‘ਤੇ ਰੱਖਣ ਦੀਆਂ ਹਦਾਇਤਾਂ ਦਿੱਤੀਆਂ। ਦੂਸਰੇ ਪਾਸੇ ਪਾਕਿਸਤਾਨੀ ਡਰੋਨ ਮਾਮਲੇ ‘ਚ ਗ੍ਰਿਫ਼ਤਾਰ ਨੌਂ ਖ਼ਾਲਿਸਤਾਨੀ ਅੱਤਵਾਦੀਆਂ ਤੋਂ ਪੁੱਛਗਿੱਛ ‘ਚ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਅੱਤਵਾਦੀਆਂ ਨੇ ਇਕ ਹਿੱਟਲਿਸਟ ਹਣਾਈ ਤੇ ਇਸ ਵਿਚ ਕਈ ਵੱਡੇ ਆਗੂਆਂ ਤੇ ਧਾਰਮਿਕ ਹਸਤੀਆਂ ਦੇ ਨਾਂ ਹਨ।

ਜ਼ਿਕਰਯੋਗ ਹੈ ਕਿ ਸੁਰੱਖਿਆ ਏਜੰਸੀਆਂ ਨੂੰ ਪਠਾਨਕੋਟ ‘ਚ ਫਿਰ ਅੱਤਵਾਦੀ ਹਮਲੇ ਦੀ ਸਾਜ਼ਿਸ਼ ਦਾ ਇਨਪੁੱਟ ਮਿਲਿਆ ਹੈ। ਇਸ ਤੋਂ ਬਾਅਦ ਪਠਾਨਕੋਟ ਏਅਰਫੋਰਸ ਸਟੇਸ਼ਨ ਸਮੇਤ ਸਾਰੀਆਂ ਸੰਵੇਦਨਸ਼ੀਲ ਥਾਵਾਂ ਦੀ ਸੁਰੱਖਿਆ ਬੇਹੱਦ ਪੁਖ਼ਤਾ ਕਰ ਦਿੱਤੀ ਗਈ ਹੈ। ਪੂਰੇ ਖੇਤਰ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਰਚ ਆਪ੍ਰੇਸ਼ਨ ਵੀ ਚਲਾਇਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਵਿਭਾਗਾਂ ਨੂੰ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਤਿਆਰ ਰਹਿਣ ਨੂੰ ਕਿਹਾ ਹੈ। ਵਾਹਨਾਂ ਨੂੰ ਚੈਕਿੰਗ ਤੋਂ ਬਾਅਦ ਹੀ ਜਾਣ ਦਿੱਤਾ ਜਾ ਰਿਹਾ ਹੈ। ਵੱਖ-ਵੱਖ ਮਾਰਗਾਂ ਦੇ ਮੁੱਖ ਬਿੰਦੂਆਂ ‘ਤੇ ਪੰਜਾਬ ਪੁਲਿਸ ਦੇ ਜਵਾਨ ਤਾਇਨਾਤ ਹਨ।

ਕੁਝ ਨਿੱਜੀ ਸਕੂਲਾਂ ਤੋਂ ਉਨ੍ਹਾਂ ਬੱਸਾਂ ਨੂੰ ਵੀ ਜ਼ਰੂਰਤ ਪੈਣ ‘ਤੇ ਤਿਆਰ ਰੱਖਣ ਦੇ ਹੁਕਮ ਦਿੱਤੇ ਹਨ। ਪੁਲਿਸ ਪੂਰੇ ਜ਼ਿਲ੍ਹੇ ‘ਚ ਖਾਸਕਰ ਸਰਹੱਦੀ ਖੇਤਰਾਂ ‘ਚ ਇਕ ਵੱਡਾ ਸਰਚ ਅਭਿਆਨ ਚਲਾ ਰਹੀ ਹੈ। ਇਸ ਦੌਰਾਨ ਜਲੰਧਰ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਵਾਧੂ ਫੋਰਸ ਪਠਾਨਕੋਟ ਬੁਲਾਈ ਗਈ ਹੈ। ਅੱਤਵਾਦੀਆਂ ਦੀ ਹਿੱਟਲਿਸਟ ਦੇ ਖੁਲਾਸੇ ਤੋਂ ਬਾਅਦ ਸਿਆਸੀ ਤੇ ਧਾਰਮਿਕ ਆਗੂਆਂ ਦੀ ਸੁਰੱਖਿਆ ਵਧਾਈ ਓਧਰ, ਪਾਕਿਸਤਾਨੀ ਡਰੋਨ ਦੇ ਮਾਮਲੇ ਤੋਂ ਬਾਅਦ ਗ੍ਰਿਫ਼ਤਾਰ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈੱਡਐੱਫ) ਦੇ ਅੱਤਵਾਦੀਆਂ ਨੇ ਪੁੱਛਗਿੱਛ ‘ਚ ਸਨਸਨੀਖੇਜ਼ ਖੁਲਾਸਾ ਕੀਤਾ ਹੈ।

ਕੇਜ਼ੈੱਡਐੱਫ ਨੇ ਪੰਜਾਬ ਦੇ ਕਈ ਸਿਆਸੀ ਤੇ ਧਾਰਮਿਕ ਆਗੂਆਂ ਦੀ ਹਿੱਟਲਿਸਟ ਬਣਾਈ ਹੈ। ਅੱਤਵਾਦੀਆਂ ਦੀ ਹਿੱਟਲਿਸਟ ‘ਚ ਮੁੱਖ ਤੌਰ ‘ਤੇ ਭਾਜਪਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਪ੍ਰੋ. ਲਕਸ਼ਮੀਕਾਂਤਾ ਚਾਵਲਾ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਸਮੇਤ ਨਿਰੰਕਾਰੀ ਭਾਈਚਾਰੇ ਨਾਲ ਜੁੜੀਆਂ ਸ਼ਖ਼ਸੀਅਤਾਂ ਤੇ ਕਈ ਡੇਰਿਆਂ ਦੇ ਲੋਕਾਂ ਦੇ ਨਾਂ ਸ਼ਾਮਲ ਹਨ। ਸਾਰਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਭਾਰਤੀ ਸਟਾਰ ਕ੍ਰਿਕਟਰ ਹਾਰਦਿਕ ਪਾਂਡਿਆ ਦੀ ਇਸ ਗੱਲ ਨੇ ਕਰਾਈ ਬੇਇੱਜ਼ਤੀ, ਲੋਕਾਂ ਨੇ ਕਿਹਾ ਹੰਕਰਾ ਦਵੇਗਾ ਤੈਨੂੰ ਡਬੋ

ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਇਨ੍ਹੀਂ ਦਿਨੀਂ ਟੀਮ ਤੋਂ ਬਾਹਰ ਚੱਲ ਰਹੇ ਹਨ। ਪਿੱਠ ਦੇ ਦਰਦ ਤੋਂ ਬਾਅਦ ਉਨ੍ਹਾਂ ਨੇ ਲੰਡਨ ‘ਚ ਆਪਣੀ ਸਰਜਰੀ ਕਰਵਾਈ ਹੈ। ਹਾਰਦਿਕ ਮੈਦਾਨ ਦੇ ਅੰਦਰ ਤੇ ਬਾਹਰ ਦੋਵਾਂ ਥਾਂ ਕਾਫੀ ਚਰਚਾ ‘ਚ ਰਹਿੰਦੇ ਹਨ। ਆਪਣੇ ਬਿਆਨਾਂ ਤੋਂ ਕੁਝ ਦਿਨ ਵਿਵਾਦ ‘ਚ ਘਿਰੇ ਹਾਰਦਿਕ ਹੁਣ ਆਪਣੇ ਟਵੀਟ ਕਾਰਨ ਫੈਨਜ਼ ਦੇ ਨਿਸ਼ਾਨੇ ‘ਤੇ ਹਨ।

ਹਾਰਦਿਕ ਨੇ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਜਿਸ ਅੰਦਾਜ ‘ਚ ਵਧਾਈ ਦਿੱਤੀ ਹੈ ਉਹ ਕ੍ਰਿਕਟ ਪੰਸ਼ਸਕਾਂ ਨੂੰ ਰਾਸ ਨਹੀਂ ਆਈ ਤੇ ਉਨ੍ਹਾਂ ਨੇ ਪਾਂਡਿਆ ਦੀ ਸਖ਼ਤ ਨਿੰਦਾ ਕੀਤੀ ਹੈ। ਜ਼ਹੀਰ ਦੇ 41ਵੇਂ ਜਨਮਦਿਨ ‘ਤੇ ਹਾਰਦਿਕ ਨੇ ਇਕ ਵੀਡੀਓ ਟਵੀਟ ਕਰਦਿਆਂ ਲ਼ਿਖਿਆ, ‘ਜਨਮਦਿਨ ਮੁਬਾਰਕ ਹੋਵੇ ਜੈਕ। ਮੈਨੂੰ ਉਮੀਦ ਹੈ ਕਿ ਤੁਸੀਂ ਵੀ ਗੇਂਦ ਨੂੰ ਮੈਦਾਨ ਤੋਂ ਬਾਹਰ ਸੁੱਟੋਗੇ ਜਿਵੇਂ ਮੈਂ ਕੀਤਾ।’

ਹਾਰਦਿਕ ਨੇ ਟਵਿੱਟਰ ‘ਤੇ ਇਕ ਵੀਡੀਓ ਸ਼ੇਅਰ ਕੀਤੀ ਜਿਸ ‘ਚ ਉਹ ਘਰੇਲੂ ਮੈਚ ‘ਚ ਜ਼ਹੀਰ ਦੀ ਗੇਂਦ ‘ਤੇ ਛੱਕਾ ਮਾਰ ਰਹੇ ਹਨ। ਇਕ ਯੂਜ਼ਰ ਨੇ ਟਵੀਟ ਕੀਤਾ, ‘ਹੰਕਾਰ ਤੁਹਾਨੂੰ ਡੁਬੋ ਦੇਵੇਗਾ ਪਾਂਡਿਆ, ਨਿਮਰ ਬਣੋ ਮੂਰਖ ਨਹੀਂ’ ਇਕ ਹੋਰ ਯੂਜ਼ਰ ਨੇ ਲਿਖਿਆ, ‘ਉਮੀਦ ਹੈ ਕਿ ਹਾਰਦਿਕ ਤੁਸੀਂ ਟਾਕ ਸ਼ੋਅ ਦੇ ਬਾਹਰ ਵੀ ਵਧੀਆ ਪ੍ਰਦਰਸ਼ਨ ਕਰੋਗੇ ਤੇ ਭਾਰਤ ਲਈ ਵਿਸ਼ਵ ਕੱਪ ਜਿੱਤਣ ‘ਚ ਸਫਲ ਹੋ ਪਾਓਗੇ ਜਿਵੇਂ ਕਿ ਜ਼ਹੀਰ ਨੇ ਕੀਤਾ।’ ਪਾਂਡਿਆ ਨੇ ਹਾਲ ਹੀ ‘ਚ ਲੰਡਨ ‘ਚ ਆਪਣੀ ਪਿੱਠ ਦੀ ਸਰਜਰੀ ਕਰਵਾਈ ਹੈ।

178 ਸਾਲ ਪਹਿਲਾਂ ਜਾਰੀ ਕੀਤੀ ਗਈ ਪਹਿਲੀ ਡਾਕ ਟਿਕਟ ਦਾ ਦੇਖੋ ਕੀ ਸੀ ਨਾਂ?

ਅੱਜ ਵਿਸ਼ਵ ਡਾਕ ਦਿਵਸ ਹੈ। ਹਰ ਸਾਲ 9 ਅਕਤੂਬਰ ਨੂੰ ਦੇਸ਼ ਵਿਚ ਵਿਸ਼ਵ ਡਾਕ ਦਿਵਸ ਮਨਾਇਆ ਜਾਂਦਾ ਹੈ। ਵਿਸ਼ਵ ਡਾਕ ਦਿਵਸ ‘ਯੂਨੀਵਰਸਲ ਪੋਸਟਲ ਯੂਨੀਅਨ’ ਦੇ ਗਠਨ ਲਈ 9 ਅਕਤੂਬਰ 1874 ਨੂੰ ਸਵਿਟਜ਼ਰਲੈਂਡ ‘ਚ 22 ਦੇਸ਼ਾਂ ਨੇ ਇਕ ਸਮਝੌਤਾ ਕੀਤਾ ਸੀ। ਉਸ ਤੋਂ ਬਾਅਦ ਹਰ ਸਾਲ 9 ਅਕਤੂਬਰ ਨੂੰ ਵਿਸ਼ਵ ਡਾਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਭਾਰਤ ਇਕ ਜੁਲਾਈ 1876 ਨੂੰ ‘ਯੂਨੀਵਰਸਲ ਪੋਸਟਲ ਯੂਨੀਅਨ’ ਦਾ ਮੈਂਬਰ ਬਣਿਆ ਸੀ। ਇਕ ਸਮਾਂ ਸੀ ਜਦੋਂ ਡਾਕ ਇਕ ਬਹੁਤ ਵੱਡੀ ਜ਼ਰੂਰਤ ਸੀ ਪਰ ਬਦਲੇ ਸਮੇਂ ਦੇ ਨਾਲ ਹੁਣ ਇਸ ਦੀ ਅਹਿਮੀਅਤ ਥੋੜ੍ਹੀ ਘਟੀ ਹੈ।

ਇਕ ਗੱਲ ਹੋਰ ਵੀ ਹੈ ਕਿ ਅਜੋਕੇ ਸਮੇਂ ਡਾਕ ਟਿਕਟਾਂ ਦੇ ਸ਼ੌਕੀਣ ਲੋਕ ਮੌਜੂਦ ਹਨ ਜਿਨ੍ਹਾਂ ਨੇ ਹਰ ਤਰ੍ਹਾਂ ਦੀ ਡਾਕ ਟਿਕਟ ਦੀ ਕੁਲੈਕਸ਼ਨ ਆਪਣੇ ਕੋਲ ਰੱਖੀ ਹੋਈ ਹੈ। ਡਾਕ ਟਿਕਟਾਂ ਨਾਲ ਹੀ ਜੁੜੀ ਹੋਈ ਫਿਲਾਟੇਲੀ ਯਾਨੀ ਡਾਕ-ਟਿਕਟ ਜਮ੍ਹਾਂ ਤੇ ਉਸ ਦਾ ਅਧਿਐਨ ਕਰਨ ਦਾ ਸ਼ੌਕ ਵੀ ਹੈ। ਦੁਨੀਆ ‘ਚ ਕਈ ਲੋਕ ਇਸ ਦੇ ਸੰਗ੍ਰਹਿ ‘ਚ ਦਿਲਚਸਪੀ ਰੱਖਦੇ ਹਨ। ਸਰਕਾਰ ਹਰ ਮਹੱਤਵਪੂਰਨ ਮੌਕੇ ‘ਤੇ ਡਾਕ ਟਿਕਟ ਜਾਰੀ ਕਰਦੀ ਹੈ। 178 ਸਾਲ ਪਹਿਲਾਂ ਜਾਰੀ ਹੋਈ ਸੀ ਦੁਨੀਆ ਦੀ ਪਹਿਲੀ ਡਾਕ ਟਿਕਟ

ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ਦੀ ਪਹਿਲੀ ਡਾਕ ਟਿਕਟ ਕਦੋਂ ਜਾਰੀ ਕੀਤੀ ਗਈ ਸੀ, ਜੇਕਰ ਤੁਸੀਂ ਨਹੀਂ ਜਾਣਦੇ ਹੋ ਤਾਂ ਅਸੀਂ ਤੁਹਾਨੂੰ ਇਸ ਬਾਰੇ ਦੱਸ ਰਹੇ ਹਾਂ। ਦੁਨੀਆ ਦੀ ਪਹਿਲੀ ਡਾਕ ਟਿਕਟ 178 ਸਾਲ ਪਹਿਲਾਂ ਜਾਰੀ ਕੀਤੀ ਗਈ ਸੀ। ਹਾਲਾਂਕਿ, ਇਸ ਦਾ ਪਹਿਲਾ ਇਸਤੇਮਾਲ 6 ਮਈ 1840 ਨੂੰ ਕੀਤਾ ਗਿਆ ਸੀ। ਇਸ ਡਾਕ ਟਿਕਟ ਦਾ ਨਾਂ ਸੀ ਬਲੈਕ ਪੈਨੀ। ਇਹ ਡਾਕ ਟਿਕਟ ਬ੍ਰਿਟੇਨ ‘ਚ ਜਾਰੀ ਕੀਤੀ ਗਈ ਸੀ।

ਕਾਲੇ ਰੰਗ ਦੀ ਇਸ ਡਾਕ ਟਿਕਟ ‘ਤੇ ਮਹਾਰਾਣੀ ਵਿਕਟੋਰੀਆ ਦਾ ਚਿੱਤਰ ਬਣਿਆ ਸੀ। ਇਸ ਦੀ ਕੀਮਤ ਸੀ ਇਕ ਪੈਨੀ, ਜਿਹੜੀ ਬ੍ਰਿਟੇਨ ਦੀ ਕਰੰਸੀ ਹੁੰਦੀ ਸੀ। ਉਨ੍ਹੀਂ ਦਿਨੀਂ ਇਕ ਪੈਨੀ ਦੀ ਡਾਕ ਟਿਕਟ ਨਾਲ 14 ਗ੍ਰਾਮ ਤਕ ਦਾ ਪੱਤਰ ਕਿਸੇ ਵੀ ਦੂਰੀ ਤਕ ਭੇਜਿਆ ਜਾ ਸਕਦਾ ਸੀ। ਦੁਨੀਆ ਦੀ ਇਸ ਪਹਿਲੀ ਡਾਕ ਟਿਕਟ ਦੀ ਕਾਢ ਅੰਗਰੇਜ਼ੀ ਅਧਿਆਪਕ ਤੇ ਸਮਾਜ ਸੁਧਾਰਕ ਰੋਲੈਂਡ ਹਿਲ ਨੇ ਕੀਤਾ ਸੀ। ਇਸ ਪਹਿਲਾਂ ਡਾਕ ਟਿਕਟ ਦੀ 6.8 ਕਰੋੜ ਕਾਪੀਆਂ ਛਾਪੀਆਂ ਗਈਆਂ ਸਨ। ਇਹ ਟਿਕਟ ਕਰੀਬ ਇਕ ਸਾਲ ਤਕ ਚਲਨ ‘ਚ ਰਹੀ ਸੀ। ਸਾਲ 1841 ‘ਚ ਬਲੈਕ ਪੈਨੀ ਦੀ ਜਗ੍ਹਾ ਪੈਨੀ ਰੈੱਡ ਟਿਕਟ ਨੇ ਲੈ ਲਈ ਸੀ।

ਭਾਰਤੀ ਝੰਡੇ ਦਾ ਚਿੱਤਰ ਤੇ ਜੈ ਹਿੰਦ ਕੀ ਤੁਹਾਨੂੰ ਪਤਾ ਹੈ ਕਿ ਭਾਰਤ ਦੀ ਪਹਿਲਾ ਡਾਕ ਟਿਕਟ ਕਦੋਂ ਜਾਰੀ ਕੀਤੀ ਗਈ ਸੀ। ਭਾਰਤ ਦੀ ਪਹਿਲੀ ਡਾਕ ਟਿਕਟ 21 ਨਵੰਬਰ 1947 ਨੂੰ ਜਾਰੀ ਹੋਈ ਸੀ। ਇਸ ਦੀ ਵਰਤੋਂ ਸਿਰਫ਼ ਦੇਸ਼ ਅੰਦਰ ਡਾਕ ਭੇਜਣ ਲਈ ਕੀਤੀ ਗਈ। ਇਸ ‘ਤੇ ਭਾਰਤੀ ਝੰਡੇ ਦਾ ਚਿੱਤਰ ਅੰਕਿਤ ਸੀ ਤੇ ਜੈ ਹਿੰਦ ਲਿਖਿਆ ਹੋਇਆ ਸੀ। ਆਜ਼ਾਦ ਭਾਰਤ ਦੀ ਪਹਿਲੀ ਡਾਕ ਟਿਕਟ ਸਾਢੇ ਤਿੰਨ ਆਨਾ ਰਾਸ਼ੀ ਯਾਨੀ 14 ਪੈਸੇ ਦੀ ਸੀ। ਹਾਲਾਂਕਿ, 15 ਅਗਸਤ 1947 ਨੂੰ ਨਹਿਰੂ ਜੀ ਨੇ ਆਜ਼ਾਦੀ ਤੋਂ ਬਾਅਦ ਲਾਲ ਕਿਲ੍ਹੇ ਤੋਂ ਆਪਣੇ ਪਹਿਲੇ ਭਾਸ਼ਣ ਦਾ ਸਮਾਪਨ ਜੈ ਹਿੰਦ ਨਾਲ ਕੀਤਾ। ਉਸ ਵੇਲੇ ਡਾਕ ਘਰਾਂ ਨੂੰ ਇਕ ਸੂਚਨਾ ਭੇਜੀ ਗਈ ਕਿ ਨਵੀਆਂ ਡਾਕ ਟਿਕਟਾਂ ਆਉਣ ਤਕ, ਡਾਕ ਟਿਕਟ ਚਾਹੇ ਅੰਗ੍ਰੇਜ਼ੀ ਸਮਰਾਟ ਜਾਰਜ ਦੀ ਹੀ ਮੁੱਖ ਆਕ੍ਰਿਤੀ ਦੀ ਵਰਤੋਂ ‘ਚ ਆਵੇ, ਪਰ ਉਸ ‘ਤੇ ਮੋਹਰ ‘ਜੈ ਹਿੰਦ’ ‘ਚ ਦੀ ਲਗਾਈ ਜਾਵੇ।

ਭਾਰਤੀ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਨੇ ਰਚਿਆ ਅਜਿਹਾ ਇਤਿਹਾਸ, ਬਣੀ ਦੁਨੀਆ ਦੀ ਪਹਿਲੀ ਕ੍ਰਿਕਟਰ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਮਿਤਾਲੀ ਰਾਜ ਨੇ ਬੁੱਧਵਾਰ ਨੂੰ ਸਾਊਥ ਅਫਰੀਕਾ ਖ਼ਿਲਾਫ਼ ਮੈਚ ‘ਚ ਨਵਾਂ ਇਤਿਹਾਸ ਲਿਖਿਆ। ਵਨਡੇਅ ਸੀਰੀਜ਼ ਦੇ ਪਹਿਲੇ ਮੁਕਾਬਲੇ ‘ਚ ਕਪਤਾਨੀ ਕਰਨ ਉਤਰੀ ਮਿਤਾਲੀ ਨੇ ਇੰਟਰਨੈਸ਼ਨਲ ਕ੍ਰਿਕਟ ‘ਚ ਆਪਣਾ 20ਵਾਂ ਸਾਲ ਪੂਰਾ ਕੀਤਾ। ਮਿਤਾਲੀ ਅਜਿਹੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ ਜਿਨ੍ਹਾਂ ਨੇ ਲੰਬੇ ਸਮੇਂ ਤਕ ਕ੍ਰਿਕਟ ਖੇਡਿਆ ਹੋਵੇ।

ਮਿਤਾਲੀ ਰਾਜ ਨੇ ਬੁੱਧਵਾਰ ਨੂੰ ਸਾਊਥ ਅਫਰੀਕਾ ਖ਼ਿਲਾਫ਼ ਵਨਡੇਅ ਮੈਚ ਖੇਡਣ ਉਤਰਣ ਦੇ ਨਾਲ ਹੀ ਇਕ ਅਨੋਖਾ ਰਿਕਾਰਡ ਆਪਣੇ ਨਾਂ ਕਰ ਲਿਆ। ਮਿਤਾਲੀ ਸਚਿਨ ਤੇਂਦੁਲਕਰ ਤੋਂ ਬਾਅਦ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਲੰਬੇ ਸਮੇਂ ਤਕ ਇੰਟਰਨੈਸ਼ਨਲ ਕ੍ਰਿਕਟ ਖੇਡਣ ਵਾਲੀ ਖਿਡਾਰੀ ਬਣੀ। ਉਹ ਅਜਿਹਾ ਕਰਨ ਵਾਲੀ ਦੁਨੀਆ ਦੀ ਪਹਿਲੀ ਕ੍ਰਿਕਟਰ ਬਣਨ ਦਾ ਗੌਰਵ ਵੀ ਹਾਸਲ ਕੀਤਾ। ਮਿਤਾਲੀ ਨੇ ਸਾਲ 26 ਜੂਨ 1999 ‘ਚ ਭਾਰਤ ਵੱਲੋਂ ਪਹਿਲਾਂ ਇੰਟਰਨੈਸ਼ਨਲ ਮੈਚ ਖੇਡਿਆ ਸੀ।

ਬਿਗ ਬਾਸ ਸੀਜ਼ਨ 13 ਦੀ ਕੁਈਨ ਦੀ ਦੌੜ ਚੋੰ ਬਾਹਰ ਹੋਈ ਸ਼ਾਹਿਨਾਜ ਤੇ ਸ਼ੇਫਾਲੀ, ਹੁਣ ਮੁੰਡੇ ਕੁੜੀਆਂ ਨਹੀਂ ਕਰਨਗੇ ਬੈੱਡ ਸ਼ੇਅਰ

Bigg Boss 13 : ਬਿੱਗ ਬੌਸ ਸੀਜ਼ਨ 13 ਇਸ ਵਾਰ BFF ਯਾਨੀ Bed Friends Forever ਦਾ ਕੰਸੈਪਟ ਲੈ ਕੇ ਆਏ ਸਨ। ਇਸ ਕੰਸੈਪਟ ਤਹਿਤ ਸ਼ੋਅ ਦੀ ਪ੍ਰੀਮੀਅਰ ਨਾਈਟ ‘ਚ ਸਲਮਾਨ ਨੇ ਇਕ ਕਲਰ ਬੈਂਡ ਬੰਨ੍ਹਿਆ ਸੀ ਤੇ ਜੋ ਕਲਰ ਬੈਂਡ ਘਰ ਦੇ ਅੰਦਰ ਜਾ ਕੇ ਜਿਸ ਕੰਟੈਸਟੈਂਟ ਨਾਲ ਮੈਚ ਕਰਦਾ ਹੈ, ਉਹੀ ਉਸ ਦਾ ਪਾਰਟਨਰ ਬਣੇਗਾ। ਇਸ ਤਰ੍ਹਾਂ ਕੁਝ ਮੇਲ ਕੰਟੈਸਟੈਂਟ ਵੀ ਫੀਮਲ ਕੰਟੈਸਟੈਂਟਸ ਦੇ BFF ਬਣੇ। ਫ਼ਿਲਹਾਲ ਸ਼ੋਅ ਨੂੰ ਇਕ ਹਫ਼ਤਾ ਹੀ ਪੂਰਾ ਹੋਇਆ ਹੈ ਤੇ ਇਸ ਕੰਸੈਪਟ ਦਾ ਕਾਫ਼ੀ ਵਿਰੋਧ ਹੋਣ ਲੱਗਾ ਹੈ ਕਿ ਬਿੱਗ ਬੌਸ ‘ਚ ਲੜਕੇ-ਲੜਕੀਆਂ ਨੂੰ ਬੈੱਡ ਸ਼ੇਅਰ ਕਰਵਾਇਆ ਜਾ ਰਿਹਾ ਹੈ।

ਟਵਿੱਟਰ ਯੂਜ਼ਰਜ਼ ਨੇ ਵੀ Boycott BiggBoss ਦਾ ਹੈਸ਼ਟੈਗ ਕੈਂਪੇਨ ਸ਼ੁਰੂ ਕਰ ਦਿੱਤੀ। ਇਹੀ ਨਹੀਂ ਅਸ਼ਲੀਲਤਾ ਪਰੋਸਣ ਦੇ ਦੋਸ਼ ਦਾ ਇਹ ਮਾਮਲਾ ਕੇਂਦਰੀ ਸੂਚਨਾ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਤਕ ਪਹੁੰਚਿਆ। ਆਲ ਇੰਡੀਆ ਟਰੇਡਰਜ਼ ਨੇ ਜਾਵੜੇਕਰ ਨੂੰ ਪੱਤਰ ਲਿਖਿਆ ਸੀ ਤੇ ਕਲਰਜ਼ ਟੀਵੀ ‘ਤੇ ਚੱਲ ਰਹੇ ਇਸ ਸ਼ੋਅ ‘ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਸੀ। ਹੁਣ ਲੋਕਾਂ ਵਿਚਕਾਰ ਵਧ ਰਹੇ ਗੁੱਸੇ ਕਾਰਨ ਸਲਮਾਨ ਖ਼ਾਨ ਨੇ ਬੈੱਡ ਸ਼ੇਅਰ ਕਰਨ ਦਾ ਇਹ ਕੰਸੈਪਟ ਖ਼ਤਮ ਕੀਤਾ ਹੈ। ਹਾਲੀਆ ਐਪੀਸੋਡ ‘ਚ ਘਰ ‘ਚ ਬਿੱਗ ਬੌਸ ਨੇ ਅਨਾਉਂਸ ਕੀਤਾ ਕਿ ਬੈੱਡ ਫਰੈਂਡ ਫੋਰੈਵਰ ਦਾ ਕੰਸੈਪਟ ਖ਼ਤਮ ਕੀਤਾ ਜਾ ਰਿਹਾ ਹੈ ਤੇ ਉਹ ਆਪਣੇ ਪਾਰਟਨਰ ਚੁਣਨ ਲਈ ਆਜ਼ਾਦ ਹਨ।

ਇਸ ਕੰਸੈਪਟ ਦੇ ਹਟਣ ਨਾਲ ਕੰਟੈਸਟੈਂਟ ਕਾਫ਼ੀ ਖ਼ੁਸ਼ ਹਨ ਤੇ ਚਰਚਾ ਕਰਨ ਲੱਗੇ ਕਿ ਉਹ ਕਿਸ ਨਾਲ ਬੈੱਡ ਸ਼ੇਅਰ ਕਰਨ ‘ਚ ਕੰਫਰਟੇਬਲ ਹਨ। ਇਸ ਤਰ੍ਹਾ ਬਿੱਗ ਬੌਸ 13 ਦੇ ਨੌਵੇਂ ਦਿਨ ਜਿੱਥੇ ਉਨ੍ਹਾਂ ਨੂੰ ਇਹ ਖ਼ੁਸ਼ਖ਼ਬਰੀ ਮਿਲੀ। ਉੱਥੇ ਹੀ ਕੁਝ ਕੰਟੈਸਟੈਂਟਸ ਦਾ ‘ਰਾਣੀ ਨੰਬਰ-1’ ਟਾਸਕ ‘ਚ ਦਿਲ ਵੀ ਟੁੱਟਿਆ। ਬਿੱਗ ਬੌਸ ਦੇ ਘਰ ‘ਚ ਪਹਿਲੀ ਰਾਣੀ ਕੌਣ ਬਣੇਗੀ ਅੱਜ ਫ਼ੈਸਲਾ ਹੋ ਜਾਵੇਗਾ। ਲੜਕੀਆਂ ਨੂੰ ਟ੍ਰੈਡੀਸ਼ਨਲ ਡਰੈੱਸ ‘ਚ ਬਿਲਕੁਲ ਰਾਣੀਆਂ ਦੀ ਲੁੱਕ ‘ਚ ਇਕ ਕਿਲੇ ‘ਚ ਬੰਦ ਕੀਤਾ ਗਿਆ ਤੇ ਸਾਇਰਨ ਵੱਜਣ ‘ਤੇ ਗਾਰਡ ਬਣੇ ਲੜਕੀ ਚਾਬੀ ਲੈਂਦੇ ਹਨ।

ਜਿਹੜਾ ਪਹਿਲਾਂ ਚਾਬੀ ਲਵੇਗਾ, ਉਹ ਤਾਲਾ ਖੋਲ੍ਹ ਕੇ ਕਿਸੇ ਇਕ ਲੜਕੀ ਨੂੰ ਬਾਹਰ ਕੱਢੇਗਾ ਤੇ ਲੜਕੀ ਜਾਂਦੇ-ਜਾਂਦੇ ਕਿਸੇ ਇਕ ਕੰਟੈਸਟੈਂਟ ਦੇ ਨਾਂ ਦਾ ਘੜਾ ਭੰਨੇਗੀ। ਜਿਸ ਦੇ ਨਾਂ ਦਾ ਘੜਾ ਭੱਜੇਗਾ, ਉਹ ਕੁਈਨ ਦੀ ਦੌੜ ‘ਚੋਂ ਬਾਹਰ। ਅਖੀਰ ‘ਚ ਜਿਸ ਦੇ ਨਾਂ ਦਾ ਘੜਾ ਬਚੇਗਾ ਉਹੀ ਰਾਣੀ ਬਣੇਗੀ। ਫਿਲਹਾਲ ਸ਼ੇਫਾਲੀ ਤੇ ਸ਼ਹਿਨਾਜ਼ ਇਸ ਦੌੜ ਤੋਂ ਬਾਹਰ ਹੋ ਚੁੱਕੀਆਂ ਹਨ।

ਗਰਮ ਪਤੀਲੇ ਦੇ ਵਿਚ ਡਿੱਗਾ ਲੰਗਰ ਦੀ ਸੇਵਾ ਕਰਦਾ ਨੌਜਵਾਨ, ਕਰਾਇਆ ਗਿਆ ਹਸਪਤਾਲ ਦਾਖਲ

ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਮੇਲੇ ਦੇ ਸਬੰਧ ਵਿਚ ਸਰਹੱਦੀ ਪਿੰਡ ਰੱਤੋਕੇ ਵਿਖੇ ਲੰਗਰ ਦੀ ਸੇਵਾ ਕਰਦਿਆਂ ਇਕ ਨੌਜਵਾਨ ਗਰਮ ਸਾਗ ਦੇ ਪਤੀਲੇ ‘ਚ ਜਾ ਡਿੱਗਾ। ਬੁਰੀ ਤਰ੍ਹਾਂ ਝੁਲਸੇ ਉਕਤ ਨੌਜਵਾਨ ਨੂੰ ਝਬਾਲ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਉਕਤ ਨੌਜਵਾਨ ਦੇ ਇਲਾਜ ਲਈ ਸਹਾਇਤਾ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਨੇ ਮਾਲੀ ਮਦਦ ਦਿੱਤੀ ਹੈ। ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਵਿਚ ਸ਼ਾਮਲ ਹੋਣ ਲਈ ਜਾਣ ਵਾਲੀ ਸੰਗਤ ਦੀ ਆਓ ਭਗਤ ਵਾਸਤੇ ਪਿੰਡ ਰੱਤੋਕੇ ਦੇ ਸ਼ਰਧਾਲੂਆਂ ਵੱਲੋਂ ਲੰਗਰ ਲਗਾਇਆ ਸੀ।

ਇਸ ਲੰਗਰ ‘ਚ ਸੇਵਾ ਕਰਦਿਆਂ ਰਮਨਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਰੱਤੋਕੇ ਨਾਂ ਦਾ ਨੌਜਵਾਨ ਵੀ ਸੇਵਾ ਕਰ ਰਿਹਾ ਸੀ। ਭੱਠੀ ਤੋਂ ਰਿਝਦੇ ਸਾਗ ਦਾ ਪਤੀਲਾ ਉਤਾਰਨ ਸਮੇਂ ਵਾਪਰੇ ਹਾਦਸੇ ਦੌਰਾਨ ਇਹ ਨੌਜਵਾਨ ਪਤੀਲੇ ‘ਚ ਜਾ ਡਿੱਗਾ। ਜਿਸ ਕਾਰਨ ਉਸ ਦਾ ਮੂੰਹ ਤੇ ਸਰੀਰ ਦਾ ਉੱਪਰਲਾ ਹਿੱਸਾ ਬੁਰੀ ਤਰ੍ਹਾਂ ਨਾਲ ਸੜ ਗਿਆ। ਸਥਾਨਕ ਲੋਕਾਂ ਤੇ ਪਰਿਵਾਰ ਵਾਲਿਆਂ ਨੇ ਤੁਰੰਤ ਉਸ ਨੂੰ

ਝਬਾਲ ਦੇ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ। ਮੰਗਲਵਾਰ ਨੂੰ ਸਵੇਰੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਉਸ ਦਾ ਹਾਲ ਜਾਨਣ ਪਹੁੰਚੇ। ਉਨ੍ਹਾਂ ਨੇ ਪੀੜਤ ਦੀ ਸਹਾਇਤਾ ਲਈ 51 ਹਜਾਰ ਰੁਪਏ ਦੀ ਰਾਸ਼ੀ ਦਾ ਐਲਾਨ ਕਰਦਿਆਂ ਕਿਹਾ ਕਿ ਜਲਦ ਹੀ ਚੈੱਕ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ।

ਪ੍ਰਸ਼ਾਸ਼ਨ ਨੇ ਦੁਸਿਹਰਾ ਗਰਾਉੰਡ ਚ ਨਹੀਂ ਦਿੱਤੀ ਰਾਵਣ ਫੂਕਣ ਦੀ ਇਜ਼ਾਜਤ ਲੋਕਾਂ ਨੇ ਕੀਤੀ ਨਾਅਰੇਬਾਜੀ

ਇਤਿਹਾਸਕ ਕਸਬਾ ਕਲਾਨੌਰ ਦਾ ਪ੍ਰਸਿੱਧ ਦੁਸਹਿਰਾ ਜਿਸ ਨੂੰ ਵੇਖਣ ਲਈ ਸੈਂਕੜੇ ਸਰਹੱਦੀ ਪਿੰਡਾਂ ਦੇ ਲੋਕ ਹਰ ਸਾਲ ਵੇਖਣ ਲਈ ਉਤਾਵਲੇ ਹੁੰਦੇ ਹਨ, ਇਸ ਵਾਰ ਸ਼ਿਵ ਮੰਦਰ ਪਾਰਕ ਕਲਾਨੌਰ ‘ ਚ ਰਾਵਣ ਦੇ ਪੁਤਲੇ ਲੱਗਣ ਦੇ ਬਾਵਜੂਦ ਸੂਰਜਵੰਸ਼ੀ ਰਾਮ ਨਾਟਕ ਕਲੱਬ ਨੂੰ ਦੁਸਹਿਰਾ ਮਨਾਉਣ ਸਬੰਧੀ ਪਰਮਿਸ਼ਨ ਨਾ ਮਿਲਣ ਦੇ ਵਿਰੋਧ ‘ਚ ਪ੍ਰਬੰਧਕਾਂ ਅਤੇ ਰਾਮ ਭਗਤਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੂਰਜਵੰਸ਼ੀ ਰਾਮ ਨਾਟਕ ਕਲੱਬ ਦੇ ਅਹੁਦੇਦਾਰ ਤੇ ਰਾਮ ਭਗਤ ਕੁਲਵਿੰਦਰ ਪਾਲ ਲਾਡਾ,

ਗੋਪੀ ਬਲਹੋਤਰਾ, ਅਸ਼ੋਕ ਕੁਮਾਰ ਅਸ਼ੋਕਾ, ਵਿਕਾਸ ਜੋਸ਼ੀ , ਨਿੱਤਸ ਜੋਸ਼ੀ , ਗਗਨ ਭਾਲਾ, ਸਵਿੰਦਰ ਸੋਨੀ, ਨਾਰਾਇਣ ਬਡਿਆਲਾ, ਵਿਨੋਦ ਨੋਦੀ, ਗੁਰਬਖਸ਼ ਰਾਏ ਵੋਹਰਾ ਅਲਾਪ ਸਿੰਘ ਰੂਪ ਲਾਲਲਾਲ ਸੁਖਵਿੰਦਰ ਸਿੰਘ ਆਦਿ ਨੇ ਪਕਿਹਾ ਕਿ ਇਤਿਹਾਸਕ ਕਸਬਾ ਕਲਾਨੌਰ ਦੀ ਪ੍ਰਾਚੀਨ ਸ਼ਿਵ ਪਾਰਕ ‘ਚ ਕਰੀਬ ਸੌ ਸਾਲ ਤੋਂ ਹਰ ਸਾਲ ਦੁਸਹਿਰਾ ਮਨਾਇਆ ਜਾ ਰਿਹਾ ਹੈ। ਇਸ ਵਾਰ ਵੀ ਦੁਸਹਿਰਾ ਮਨਾਉਣ ਸਬੰਧੀ 28 ਸਤੰਬਰ ਤੋਂ ਰਾਮ ਲੀਲ੍ਹਾ ਖੇਡੀ ਜਾ ਰਹੀ ਸੀ। ਪ੍ਰਸ਼ਾਸਨ ਵੱਲੋਂ ਰਾਮ ਲੀਲ੍ਹਾ ਦੌਰਾਨ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਪਰ ਅੱਜ ਦੁਸਹਿਰਾ ਮਨਾਉਣ ਸਬੰਧੀ ਪ੍ਰਸ਼ਾਸਨ ਵੱਲੋਂ ਪੁਤਲੇ ਫੂਕਣ ਸਬੰਧੀ ਪਰਮਿਸ਼ਨ ਜਾਰੀ ਨਹੀਂ ਕੀਤੀ ਗਈ।

ਸੂਰਜਵੰਸ਼ੀ ਰਾਮ ਨਾਟਕ ਕਲੱਬ ਦੇ ਪ੍ਰਧਾਨ ਅਮਰਜੀਤ ਖੁੱਲਰ ਨੇ ਕਿਹਾ ਕਿ ਕਲੱਬ ਦੇ ਪ੍ਰਬੰਧਕਾਂ ਵੱਲੋਂ ਦੁਸਹਿਰਾ ਮਨਾਉਣ ਸਬੰਧੀ ਪ੍ਰਸ਼ਾਸਨ ਤੋਂ ਪਰਮਿਸ਼ਨ ਲੈਣ ਲਈ ਅਰਜ਼ੀ ਦਿੱਤੀ ਹੋਈ ਹੈ, ਇਸ ਦੇ ਬਾਵਜੂਦ ਉਨ੍ਹਾਂ ਨੂੰ ਮੰਗਲਵਾਰ 10:30 ਵਜੇ ਤਕ ਪਰਮਿਸ਼ਨ ਪ੍ਰਾਪਤ ਨਹੀਂ ਹੋਈ। ਰਾਮ ਭਗਤਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਬਦੀ ‘ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਤਿਉਹਾਰ ਦੁਸਹਿਰਾ ਮਨਾਉਣ ਸਬੰਧੀ ਪ੍ਰਸ਼ਾਸਨ ਵੱਲੋਂ ਪਰਮਿਸ਼ਨ ਨਾ ਦਿੱਤੇ ਜਾਣ ਕਾਰਨ ਰਾਮ ਭਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਮੁੱਖ ਮੰਤਰੀ ਦੇ ਖੁਦ ਦੇ ਸ਼ਹਿਰ ਚ ਕਿਰਾਏ ਦੀ ਇਮਾਰਤ ਤੇ ਚੱਲ ਰਿਹਾ ਸਰਕਾਰੀ ਸਕੂਲ

ਮੁੱਖ ਮੰਤਰੀ ਦੇ ਜ਼ਿਲ੍ਹੇ ਵਿਚ ਪਿੰਡ ਰਵਾਸ ਬ੍ਰਾਹਮਣਾ ਵਿਖੇ ਸਰਕਾਰੀ ਸਕੂਲ ਕਿਰਾਏ ਦੀ ਇਮਾਰਤ ਵਿਚ ਚੱਲ ਰਿਹਾ ਹੈ। ਬੱਚਿਆਂ ਨੂੰ ਪੜ੍ਹਾਉਣ ਲਈ ਛੱਤ ਮੁਹੱਈਆ ਕਰਵਾਉਣ ਲਈ ਇਮਾਰਤ ਦਾ ਕਿਰਾਇਆ ਵੀ ਅਧਿਆਪਕਾਂ ਤੇ ਪਿੰਡ ਦੇ ਨੌਜਵਾਨਾਂ ਵੱਲੋਂ ਆਪਣੀ ਜੇਬ ‘ਚੋਂ ਦਿੱਤਾ ਜਾ ਰਿਹਾ ਹੈ। ਸੋਮਵਾਰ ਨੂੰ ਅਧਿਆਪਕਾਂ ਦੇ ਸਨਮਾਨ ਸਮਾਗਮ ਵਿਚ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਤੇ ਸਿੱਖਿਆ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਪੁੱਜੇ ਹੋਏ ਸਨ। ਪਤਾ ਲੱਗਦਿਆਂ ਪਿੰਡ ਰਵਾਸ ਬ੍ਰਾਹਮਣਾ ਦਾ ਸਮਾਜ ਸੇਵੀ ਨੌਜਵਾਨ ਰਾਜੀਵ ਕੁਮਾਰ ਪਿੰਡ ਦੇ ਬੱਚਿਆਂ ਦੇ ਭਵਿੱਖ ਦੀ ਗੁਹਾਰ ਲੈ ਕੇ ਸਿੱਖਿਆ ਮੰਤਰੀ ਕੋਲ ਪੁੱਜ ਗਿਆ।

ਸੁਰੱਖਿਆ ਦਸਤਿਆਂ ਦੇ ਅੜਿੱਕਿਆਂ ਨੂੰ ਪਾਰ ਕਰਦਿਆਂ ਨੌਜਵਾਨ ਕਿਵੇਂ ਨਾ ਕਿਵੇਂ ਲੋਕ ਸਭਾ ਮੈਂਬਰ ਪਰਨੀਤ ਕੌਰ ਕੋਲ ਪਹੁੰਚ ਗਿਆ। ਰਾਜੀਵ ਕੁਮਾਰ ਨੇ ਜੇਬ ਵਿਚੋਂ ਪੱਤਰ ਕੱਢ ਕੇ ਪਰਨੀਤ ਕੌਰ ਨੂੰ ਸੌਂਪਿਆ, ਜਿਸਨੂੰ ਪੜ੍ਹਦਿਆਂ ਹੀ ਪਰਨੀਤ ਕੌਰ ਨੇ ਕੋਲ ਖੜੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਪੱਤਰ ਸੌਂਪਦਿਆਂ ਫੌਰੀ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਦੱਸਣਯੋਗ ਹੈ ਕਿ ਪਿੰਡ ਰਵਾਸ ਬ੍ਰਾਹਮਣਾਂ ਦੇ ਸਰਕਾਰੀ ਸਕੂਲ ਦੀ ਇਮਾਰਤ ਨੂੰ 6 ਮਹੀਨੇ ਪਹਿਲਾਂ ਅਸੁਰੱਖਿਅਤ ਐਲਾਨ ਕੇ ਖਾਲੀ ਕਰਵਾ ਦਿੱਤਾ ਗਿਆ ਪਰ

ਵਿਭਾਗ ਵੱਲੋਂ ਕੋਈ ਵਿੱਤੀ ਸਹਾਇਤਾ ਨਾ ਮਿਲਣ ਕਾਰਨ ਨੌਜਵਾਨਾਂ ਤੇ ਪੰਚਾਇਤ ਵੱਲੋਂ ਆਪਣੇ ਖ਼ਰਚ ‘ਤੇ ਬੱਚਿਆਂ ਦੇ ਭਵਿੱਖ ਨੂੰ ਦੇਖਦਿਆਂ ਹੋਇਆ ਦੂਜੀ ਇਮਾਰਤ ਵਿਚ ਸ਼ਿਫ਼ਟ ਕਰਕੇ ਸਕੂਲ ਨੂੰ ਚਲਾਇਆ ਜਾ ਰਿਹਾ ਹੈ। ਇਸ ਸਬੰਧੀ ਕਈ ਵਾਰ ਪਿੰਡ ਵਾਸੀਆਂ ਤੇ ਪੰਚਾਇਤ ਵੱਲੋਂ ਡੀਈਓ ਨੂੰ ਸਕੂਲ ਦੀ ਇਮਾਰਤ ਦੇ ਨਵੀਨੀਕਰਨ ਲਈ ਪੱਤਰ ਵੀ ਦਿੱਤਾ ਜਾ ਚੁੱਕਾ ਹੈ ਪਰ ਹਾਲੇ ਤੱਕ ਸਕੂਲ ਦੀ ਇਮਾਰਤ ਦਾ ਕੋਈ ਵੀ ਹੱਲ ਨਹੀਂ ਹੋਇਆ। ਸਕੂਲ ਤਾਂ ਪਿੰਡ ਦੇ ਨੌਜਵਾਨਾਂ ਅਤੇ ਪੰਚਾਇਤ ਦੇ ਸੁਯੋਗ ਯਤਨਾਂ ਸਦਕਾ ਭਾਵੇਂ ਕਿਵੇਂ ਨਾ ਕਿਵੇਂ ਚੱਲ ਰਿਹਾ ਹੈ

ਪਰ ਸਰਕਾਰ ਵੱਲੋਂ ਲੰਮੇਂ ਸਮੇਂ ਤੋਂ ਮਦਦ ਨਾ ਮਿਲਣ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਕੂਲ ਦੀ ਅਸੁਰੱਖਿਅਤ ਇਮਾਰਤ ਵਿਚ ਰਸੋਈ ਤੋਂ ਇਲਾਵਾ ਚਾਰ ਕਮਰੇ ਸਨ, ਜਿਸ ਵਿਚ ਤਿੰਨ ਅਧਿਆਪਕਾਂ ਵੱਲੋਂ 73 ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਸੀ। ਜੋ ਇਮਾਰਤ ਕਿਰਾਏ ‘ਤੇ ਲਈ ਹੋਈ ਹੈ ਉਸ ਵਿਚ ਹੇਠਾਂ ਇਕ ਪਰਿਵਾਰ ਰਹਿ ਰਿਹਾ ਹੈ ਜਦੋਂਕਿ ਪਹਿਲੀ ਮੰਜ਼ਿਲ ਤੇ ਬੱਚਿਆਂ ਲਈ ਸਕੂਲ ਦੀ ਇਮਾਰਤ ਕਿਰਾਏ ‘ਤੇ ਲਈ ਹੋਈ ਹੈ।

ਪਿਆਜ਼ਾ ਦਾ ਭਰਿਆ ਟਰੱਕ ਲੁੱਟਣ ਵਾਸਤੇ ਲੁਟੇਰਿਆਂ ਨੇ ਕੀਤਾ ਡਰਾਈਵਰ ਦਾ ਕਤਲ

ਲੁਟੇਰਿਆਂ ਨੇ ਪਿਆਜ਼ਾਂ ਦਾ ਭਰਿਆ ਟਰਾਲਾ ਲੁੱਟਣ ਲਈ ਚਾਲਕ ਦਾ ਕਤਲ ਕਰ ਦਿੱਤਾ। ਟਰਾਲੇ ‘ਚ 20 ਲੱਖ ਦੇ ਪਿਆਜ਼ ਲੱਦੇ ਹੋਏ ਸਨ ਜਿਨ੍ਹਾਂ ਨੂੰ ਰਾਮਪੁਰਾ ਤੇ ਲੁਧਿਆਣਾ ‘ਚ ਲਾਹਿਆ ਜਾਣਾ ਸੀ। ਜਾਣਕਾਰੀ ਅਨੁਸਾਰ ਬਰਨਾਲਾ ਵਾਸੀ ਬਿੰਦਰ ਸਿੰਘ ਤੇ ਉਸ ਦਾ ਚਾਲਕ ਬਨਵਾਰੀ ਲਾਲ ਨਾਸਿਕ ਤੋਂ ਪਿਆਜ਼ ਦਾ ਟਰਾਲਾ ਭਰ ਕੇ ਆ ਰਹੇ ਸਨ। ਜਦੋਂ ਉਹ ਮਲੋਟ ਬਾਈਪਾਸ ’ਤੇ ਨੰਨ੍ਹੀ ਛਾਂ ਚੌਂਕ ਕੋਲ ਪੁੱਜੇ ਤਾਂ ਅਣਪਛਾਤੇ ਵਿਅਕਤੀਆਂ ਨੇ ਚਾਲਕ ’ਤੇ ਹਮਲਾ ਕਰ ਦਿੱਤਾ। ਅਣਪਛਾਤੇ ਲੁਟੇਰਿਆਂ ਡਰਾਈਵਰ ਸਾਈਡ ਵਾਲੇ ਸੀਸ਼ੇ ਤੋਂ ਕਿਸੇ ਚੀਜ਼ ਨਾਲ

ਚਾਲਕ ਬਨਵਾਰੀ ਲਾਲ ’ਤੇ ਵਾਰ ਕੀਤਾ ਜਿਸ ਕਾਰਨ ਚਾਲਕ ਗੱਡੀ ਅੰਦਰ ਹੀ ਡਿੱਗ ਪਿਆ। ਟਰਾਲਾ ਮਾਲਕ ਨੇ ਪੁਲਿਸ ਨੂੰ ਦੱਸਿਆ ਕਿ ਬਨਵਾਰੀ ਲਾਲ ਟਰਾਲਾ ਚਲਾ ਰਿਹਾ ਸੀ ਜਦਕਿ ਉਹ ਟਰਾਲੇ ‘ਚ ਹੀ ਸੁੱਤਾ ਪਿਆ ਸੀ। ਬਨਵਾਰੀ ਲਾਲ ਨੇ ਇਕਦਮ ਚੀਕਦਿਆਂ ਕਿਹਾ ਕਿ ਗੱਡੀ ਲੁੱਟਣ ਲਈ ਲੁਟੇਰੇ ਆ ਗਏ। ਐਨਾ ਕਹਿੰਦਿਆਂ ਹੀ ਉਹ ਗੱਡੀ ਅੰਦਰ ਡਿੱਗ ਪਿਆ। ਉਸ ਨੇ ਜ਼ਖ਼ਮੀ ਹਾਲਤ ’ਚ ਬਨਵਾਰੀ ਲਾਲ ਨੂੰ ਟਰਾਲੇ ‘ਚ ਪਾ ਕੇ ਸਿਵਲ ਹਸਪਤਾਲ ਬਠਿੰਡਾ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਉਸ ਨੇ ਦੱਸਿਆ ਕਿ ਗੱਡੀ ਵਿਚਲੇ ਪਿਆਜ਼ ਲੁੱਟਣ ਦੇ ਮਨੋਰਥ ਨਾਲ ਚਾਲਕ ਦਾ ਕਤਲ ਕੀਤਾ ਗਿਆ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਐੱਸਪੀ ਜੀਐੱਸ ਸੰਘਾ ਸਮੇਤ ਪੁਲਿਸ ਅਧਿਕਾਰੀਆਂ ਨੇ ਘਟਨਾ ਸਥਾਨ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਫਿਲਹਾਲ ਅਣਪਾਛੇ ਲੁਟੇਰਿਆਂ ਖਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।