ਡਾਕਟਰ ਨੇ ਪੇਟ ਦਰਦ ਦਾ ਇਲਾਜ਼ ਕਰਵਾਉਣ ਆਏ ਦੋ ਨੌਜਵਾਨਾਂ ਨੂੰ ਲਿਖ ਦਿੱਤਾ ਪ੍ਰੈਗਨੇਂਸੀ ਟੈਸਟ

ਝਾਰਖੰਡ ‘ਚ ਡਾਕਟਰ ਵੱਲੋਂ ਦੋ ਨੌਜਵਾਨਾ ਦਾ ਪ੍ਰੈਗਨੇਂਸੀ ਟੈਸਟ ਲਿਖੇ ਜਾਣ ਦਾ ਅਜੀਬੋਗਰੀਬ ਮਾਮਲਾ ਸਾਹਮਣੇ ਆਇਆ ਹੈ। ਸਿਮਰਿਆ ਪ੍ਰਖੰਡ ਦੇ ਚੋਰਬੋਰਾ ਪਿੰਡ ਦੇ ਰਹਿਣ ਵਾਲੇ ਨੌਜਵਾਨਾਂ ਦੇ ਪੇਟ ‘ਚ ਦਰਦ ਹੋਣ ‘ਤੇ ਉਨ੍ਹਾਂ ਦਾ ਪਰਿਵਾਰ ਦੋਵਾਂ ਨੂੰ ਸਥਾਨਕ ਸਰਕਾਰੀ ਹਸਪਤਾਲ ਲੈ ਕੇ ਪੁੱਜੇ। ਉਸ ਸਮੇਂ ਡਿਊਟੀ ‘ਤੇ ਮੌਜੂਦ ਡਾਕਟਰ ਮੁਕੇਸ਼ ਨੇ ਦੋਵਾਂ ਨੂੰ ਵੇਖਿਆ ਤੇ ਪਰਚੀ ‘ਤੇ ਕੁੱਝ ਟੈਸਟ ਲਿਖ ਦਿੱਤੇ। ਜਦੋਂ ਦੋਵੇਂ ਟੈਸਟ ਕਰਵਾਉਣ ਲਈ ਇੱਕ ਨਿਜੀ ਲੈਬ ਪੁੱਜੇ ਤਾਂ ਟੈਸਟ ਕਰਨ ਵਾਲੇ ਡਾਕਟਰ ਨੇ ਹਸਪਤਾਲ ਦੀ ਪਰਚੀ ਵੇਖ ਕੇ ਜਾਂਚ ਕਰਨ ਤੋਂ ਇਨਕਾਰ ਕਰ ਦਿੱਤਾ।

ਉਨ੍ਹਾਂ ਕਿਹਾ ਮੈਂ ਬਾਕੀ ਜਾਂਚ ਤਾਂ ਕਰ ਦੇਵਾਂਗਾ ਪਰ ਇੱਕ ਜਾਂਚ ਨਹੀਂ ਕਰ ਸਕਦਾ ਕਿਉਂਕਿ ਡਾਕਟਰ ਨੇ ਤੁਹਾਡੀ ਪਰਚੀ ‘ਤੇ ਏਐੱਨਸੀ ਟੈਸਟ ਬਾਰੇ ਲਿਖਿਆ ਹੈ ਤੇ ਇਹ ਟੈਸਟ ਪ੍ਰੈਗਨੇਂਸੀ ਲਈ ਕੀਤਾ ਜਾਂਦਾ ਹੈ। ਜਾਂਚ ਦੇ ਆਦੇਸ਼ ਦੱਸ ਦੇਈਏ ਇਹ ਮਾਮਲਾ ਬੀਤੀ ਇੱਕ ਅਕਤੂਬਰ ਦਾ ਹੈ ਚੋਰਬਾਰਾ ਪਿੰਡ ਦੇ ਰਹਿਣ ਵਾਲੇ ਕਾਮੇਸ਼ਵਰ ਅਤੇ ਗੋਪਾਲ ਨਾਮ ਦੇ ਨੌਜਵਾਨ ਪੇਟ ਦਰਦ ਦੀ ਸ਼ਿਕਾਇਤ ‘ਤੇ ਹਸਪਤਾਲ ਪੁੱਜੇ ਸਨ। ਉਨ੍ਹਾਂ ਦੇ ਮੁਤਾਬਕ ਉਸੇ ਦਿਨ ਡਾਕਟਰ ਮੁਕੇਸ਼ ਨੇ ਉਨ੍ਹਾਂ ਨੂੰ ਦੇਖਣ ਤੋਂ ਬਾਅਦ ਪਰਚੀ ‘ਤੇ ਪ੍ਰੈਗਨੇਂਸੀ ਟੈਸਟ ਦੀ ਸਲਾਹ ਲਿਖੀ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ ਦੇ ਸਿਵਲ ਸਰਜਨ ਅਰੁਣ ਕੁਮਾਰ ਪਾਸਵਾਨ ਨੇ ਹਸਪਤਾਲ ਇੰਚਾਰਜ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ

ਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਹਸਪਤਾਲ ਦੇ ਇੰਚਾਰਜ ਡਾ.ਭੂਸ਼ਣ ਰਾਣਾ ਦਾ ਕਹਿਣਾ ਹੈ ਕਿ ਪਰਚੀ ‘ਚ ਓਵਰ ਰਾਈਟਿੰਗ ਹੋਣ ਦੀ ਗੱਲ ਸਾਹਮਣੇ ਆਈ ਹੈ ਅਜਿਹੇ ਵਿੱਚ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਉੱਥੇ ਹੀ ਇਸ ਸਿਲਸਿਲੇ ‘ਚ ਸਬੰਧਤ ਡਾਕਟਰ ਮੁਕੇਸ਼ ਕੁਮਾਰ ਦਾ ਕਹਿਣਾ ਹੈ ਕਿ ਕਿਤੇ ਕੋਈ ਗੜਬੜੀ ਨਹੀਂ ਹੈ। ਦੋਵੇਂ ਨੌਜਵਾਨ ਆਪਣੀ ਪਤਨੀ ਦੇ ਨਾਲ ਹਸਪਤਾਲ ਪੁੱਜੇ ਸਨ ਤੇ ਗਲਤੀ ਨਾਲ ਉਨ੍ਹਾਂ ਨੇ ਪਤਨੀ ਦੇ ਬਦਲੇ ਆਪਣਾ ਨਾਮ ਪਰਚੀ ‘ਤੇ ਲਿਖਵਾ ਦਿੱਤਾ। ਅਸੀਂ ਜਾਂਚ ਵੀ ਠੀਕ ਕੀਤੀ ਹੈ ਤੇ ਟੈਸਟ ਵੀ ਠੀਕ ਲਿਖੇ ਹਨ

ਦੋਵਾਂ ਦੀਆਂ ਪਤਨੀਆਂ ਗਰਭਵਤੀ ਹਨ ਤੇ ਹਸਪਤਾਲ ਦੇ ਰਿਕਾਰਡ ਵਿੱਚ ਵੀ ਇਹ ਗੱਲ ਦਰਜ ਹੈ। ਦੱਸ ਦੇਈਏ ਡਾਕਟਰ ਵੱਲੋਂ ਪਰਚੀ ‘ਤੇ ਇਸ ਤਰ੍ਹਾਂ ਦੀ ਅਜੀਬ ਸਲਾਹ ਲਿਖਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਡਾਕ‍ਟਰ ਕੋਲ ਇੱਕ ਮਹਿਲਾ ਪੇਟ ਦਰਦ ਦੀ ਸ਼ਿਕਾਇਤ ਲੈ ਕੇ ਆਈ ਸੀ ਤੇ ਡਾਕਟਰ ਨੇ ਉਸ ਨੂੰ ਪਰਚੀ ਤੇ ਕੰਡੋਮ ਲਿਖ ਦਿੱਤਾ ਸੀ। ਇਸ ਦਾ ਮੁੱਦਾ ਵਿਧਾਨਸਭਾ ਵਿੱਚ ਵੀ ਗੂੰਜਿਆ ਸੀ ਤੇ ਡਾਕਟਰ ਨੂੰ ਨੌਕਰੀ ਤੋਂ ਹੱਥ ਵੀ ਧੋਣਾ ਪਿਆ ਸੀ।

ਇੱਕ ਵਾਰ ਫਿਰ ਤੋ ਜੰਮੂ ਕਸ਼ਮੀਰ ਚ ਵੱਡੇ ਔਆਰ ਬੰਬ ਹਮਲੇ ਦਾ ਖਤਰਾ

ਜੰਮੂ-ਕਸ਼ਮੀਰ ਨੈਸ਼ਨਲ ਹਾਈਵੇ ‘ਤੇ ਅੱਤਵਾਦੀ ਹਮਲੇ ਦੀ ਪਲਾਨਿੰਗ ਬਣਾ ਰਹੇ ਹਨ। ਖੁਫੀਆ ਏਜੰਸੀਆਂ ਨੇ ਸੁਰੱਖਿਆ ਬਲਾਂ ਨਾਲ ਸਥਾਨਕ ਪੁਲਿਸ ਨੂੰ ਅੱਤਵਾਦੀਆਂ ਦੀ ਇਸ ਨਵੀਂ ਰਣਨੀਤੀ ਬਾਰੇ ਸੂਚਨਾ ਦਿੱਤੀ ਹੈ। ਅਲਰਟ ਤੋਂ ਬਾਅਦ ਸੁਰੱਖਿਆ ਬਲਾਂ ਨੇ ਹਾਈਵੇਅ ‘ਤੇ ਸਰਕਾਰੀ ਵਾਹਨਾਂ ਦੀ ਆਵਾਜਾਈ ‘ਤੇ ਪੈਨੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ।

ਇੰਟੈਲੀਜੇਂਸ ਅਲਰਟ ਮੁਤਾਬਕ ਅੱਤਵਾਦੀ ਸੁਰੱਖਿਆ ਬਲਾਂ ‘ਤੇ ਹਮਲਾ ਕਰਨ ਲਈ ਕਾਰ ਬੰਬ ਦੀ ਵਰਤੋਂ ਕਰ ਸਕਦੇ ਹਨ। ਪੁਲਵਾਮਾ ਦੀ ਤਰਜ਼ ‘ਤੇ ਵਿਸਫੋਟਕਾਂ ਨਾਲ ਭਰੀ ਕਾਰ ਤੇ ਆਈਈਡੀ ਨੇ ਸੁਰੱਖਿਆ ਬਲਾਂ ‘ਤੇ ਹਮਲਾ ਕੀਤਾ ਜਾ ਸਕਦਾ ਹੈ। ਰਿਪੋਰਟ ‘ਚ ਦੱਸਿਆ ਗਿਆ ਕਿ ਅੱਤਵਾਦੀਆਂ ਦਾ ਸਥਾਨਕ ਨੈੱਟਵਰਕ ਇਸ ਤਰ੍ਹਾਂ ਦੇ ਹਮਲੇ ਦੀ ਯੋਜਨਾ ਬਣਾਉਣ ਤੇ ਉਨ੍ਹਾਂ ਨੂੰ ਅੰਜ਼ਾਮ ਦੇਣ ‘ਚ ਮਾਹਿਰ ਹੈ।

ਇੱਕ ਹੋਰ ਇੰਨਪੁਟ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਸੈਨਾ ਤੇ ਆਈਐਸਆਈ ਨੇ ਤਿੰਨ ਅੱਤਵਾਦੀਆਂ-ਲਸ਼ਕਰੇ ਤਾਇਬਾ, ਹਿਜਬੁਲ ਮੁਜ਼ਾਹਿਦੀਨ ਤੇ ਜੈਸ਼-ਏ-ਮੁਹਮੰਦ ਨੂੰ ਜੰਮੂ-ਕਸ਼ਮੀਰ ਸਣੇ ਪੂਰੇ ਭਾਰਤ ‘ਚ ਅੱਤਵਾਦੀ ਹਮਲੇ ਕਰਨ ਨਾਲ ਸਿਆਸਤਦਾਨਾਂ ਤੇ ਪੁਲਿਸਕਰਮੀਆਂ ਦੇ ਕਤਲ ਦੀ ਜ਼ਿੰਮੇਵਾਰੀ ਦਿੱਤੀ ਹੈ।

ਲੋਕਾਂ ਨੂੰ ਅਬਦੁਲ ਕਲਾਮ ਨੇ ਸਿਖਾਇਆ ਖੁਆਬ ਵੇਖਣਾ ਤੇ ਕਿਵੇੰ ਕਰਨਾ ਪੂਰਾ

ਕਲਾਮ ਸਾਹਿਬ ਦਾ ਕਹਿਣਾ ਸੀ ਕਿ ਬਨਾਵਟੀ ਸੁਖ ਦੀ ਥਾਂ ਸਖ਼ਤ ਉਪਲਬੱਧੀਆਂ ਪਿੱਛੇ ਸਮਰਪਿਤ ਰਹੋ। ਇਹੀ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਮੂਲ ਮੰਤਰ ਵੀ ਸੀ। ਉਹ ਕਿਸੇ ਵੀ ਤਰ੍ਹਾਂ ਤੋਂ ਬਨਾਵਟੀ ਨਹੀਂ ਸੀ। ਉਹ ਤਾਂ ਬਸ ਖ਼ੁਆਬ ਵੇਖਦੇ ਸੀ ਤੇ ਉਸ ਨੂੰ ਪੂਰਾ ਕਰਨ ਲਈ ਜੀ ਤੋੜ ਮਿਹਨਤ ਕਰਦੇ ਸੀ। ਇਸੇ ਕਰਕੇ ਦੁਨੀਆ ਉਨ੍ਹਾਂ ਨੂੰ ‘ਮਿਸਾਈਲ ਮੈਨ’ ਦੇ ਤੌਰ ‘ਤੇ ਯਾਦ ਕਰਦੀ ਹੈ। ਏਪੀਜੇ ਅਬਦੁਲ ਕਲਾਮ ਦੇ ਰਵੱਈਏ ਨੂੰ ਕਿਸੇ ਇੱਕ ਦਾਇਰੇ ‘ਚ ਸੀਮਤ ਨਹੀਂ ਕੀਤਾ ਜਾ ਸਕਦਾ। ਜ਼ਿੰਦਗੀ ਨੇ ਜਦੋਂ ਉਨ੍ਹਾਂ ਨੂੰ ਜੋ ਭੂਮਿਕਾ ਨਿਭਾਉਣ ਦਾ ਜ਼ਿੰਮਾ ਸੌਂਪਿਆ, ਉਹ ਉਨ੍ਹਾਂ ‘ਤੇ ਖਰੇ ਉੱਤਰੇ।

ਉਹ ਦੇਸ਼ ਦੇ ਰਾਸ਼ਟਰਪਤੀ ਰਹੇ, ਇੱਕ ਮਹਾਨ ਵਿਚਾਰਕ ਰਹੇ, ਲੇਖਕ ਰਹੇ ਤੇ ਵਿਗਿਆਨੀ ਵੀ ਰਹੇ। ਹਰ ਖੇਤਰ ‘ਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ। ਕਲਾਮ ਦੀ ਜ਼ਿੰਦਗੀ ਦਾ ਸਾਰ ਹੈ ਖ਼ੁਆਬ ਦੇਖੋ, ਖ਼ੁਆਬ ਪੂਰੇ ਜ਼ਰੂਰ ਹੁੰਦੇ ਹਨ। ਅੱਜ ਏਪੀਜੇ ਅੱਬਦੁਲ ਕਲਾਮ ਦਾ ਜਨਮ ਦਿਨ ਹੈ। ਅੱਜ ਹੀ ਦੇ ਦਿਨ ਸਾਲ 1931 ‘ਚ ਕਲਾਮ ਸਾਹਿਬ ਪੈਦਾ ਹੋਏ ਸੀ। ਅੱਜ ਬੇਸ਼ੱਕ ਅਸੀਂ ਉਨ੍ਹਾਂ ਨੂੰ ਇੱਕ ਵਧੀਆ ਅਧਿਆਪਕ, ਦੇਸ਼ ਦੇ ਸਭ ਤੋਂ ਵਧੀਆ ਰਾਸ਼ਟਰਪਤੀ, ਸ਼ਾਨਦਾਰ ਵਿਗਿਆਨੀ ਤੇ ਸਭ ਤੋਂ ਖਾਸ ਬਹਿਤਰੀਨ ਇਨਸਾਨ ਦੇ ਤੌਰ ‘ਤੇ ਯਾਦ ਕਰਦੇ ਹਾਂ ਪਰ ਉਨ੍ਹਾਂ ਦੀ ਜ਼ਿੰਦਗੀ ਦਾ ਸਫ਼ਰ ਇੰਨਾ ਆਸਾਨ ਨਹੀਂ ਰਿਹਾ। ਜ਼ਿੰਦਗੀ ‘ਚ ਸੰਘਰਸ਼ ਕਰਦੇ ਹੋਏ, ਉਨ੍ਹਾਂ ਨੇ ਕਾਮਯਾਬੀ ਤਕ ਦਾ ਸਫਰ ਤੈਅ ਕੀਤਾ।

ਤਮਿਲਨਾਡੂ ‘ਚ ਜਨਮੇ ਅਬਦੁਲ ਨੇ ਜਦੋਂ ਕਾਲਜ ਦੀ ਪੜ੍ਹਾਈ ਸ਼ੁਰੂ ਕੀਤੀ ਤਾਂ ਉਨ੍ਹਾਂ ਦੀ ਜਹਾਜ਼ ‘ਚ ਦਿਲਚਸਪੀ ਵਧਣ ਲੱਗੀ ਤੇ ਪਾਇਲਟ ਬਣਨ ਦਾ ਖਿਆਲ ਦਿਲ ਵਿੱਚ ਆਇਆ। ਜਦੋਂ ਉਨ੍ਹਾਂ ਨੇ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਆਪਣੇ ਖ਼ੁਆਬਾਂ ਨੂੰ ਤਰਜੀਹ ਦਿੱਤੀ ਤੇ ਏਅਰਫੋਰਸ ‘ਚ ਪਾਇਲਟ ਦਾ ਇੰਟਰਵਿਊ ਦੇਣ ਲਈ ਦੱਖਣੀ ਭਾਰਤ ਤੋਂ ਉੱਤਰੀ ਭਾਰਤ ਰਵਾਨਾ ਹੋਏ। ਇੰਟਰਵਿਊ ‘ਚ ਅੱਠ ਲੋਕਾਂ ਨੂੰ ਚੁਣਿਆ ਗਿਆ ਤੇ ਨੌਵਾਂ ਨੰਬਰ ਕਲਾਮ ਦਾ ਸੀ। ਕਲਾਮ ਨੇ ਦਿੱਲੀ ਜਾ ਕੇ ਜਹਾਜ਼ ਬਣਾਉਣ ਦਾ ਕੰਮ ਕੀਤਾ। ਫੇਰ ਜਹਾਜ਼ ਬਣਾਉਣ ਦਾ ਕੇਂਦਰ ਬੰਗਲੁਰੂ ‘ਚ ਬਣਾਇਆ ਗਿਆ ਤੇ ਉਨ੍ਹਾਂ ਨੂੰ ਕੇਂਦਰ ‘ਚ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਸਵਦੇਸ਼ੀ ਹਾਵਰਕ੍ਰਾਫਟ ਬਣਾਉਣ ਦੀ ਜ਼ਿੰਮਵਾਰੀ ਦਿੱਤੀ ਗਈ ਜੋ ਕਾਫੀ ਮੁਸ਼ਕਲ ਮੰਨੀ ਜਾਂਦੀ ਸੀ ਪਰ ਕਲਾਮ ਨੇ ਇਹ ਕੰਮ ਕਰ ਦਿਖਾਇਆ। ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਹਾਵਰਕ੍ਰਾਫਟ ‘ਚ ਪਹਿਲੀ ਉਡਾਣ ਭਰੀ।

ਰੱਖਿਆ ਮੰਤਰੀ ਕਿਸ਼ਨਮੈਨਨ ਨੇ ਕਲਾਮ ਦੀ ਖੂਬ ਤਾਰੀਫ ਕੀਤੀ ਤੇ ਕਿਹਾ ਕਿ ਇਸ ਤੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਜਹਾਜ਼ ਤਿਆਰ ਕਰੋ। ਇਸ ਤੋਂ ਬਾਅਦ ਕਲਾਮ ਨੇ ‘ਇੰਡੀਅਨ ਕਮੇਟੀ ਫਾਰ ਸਪੇਸ ਰਿਸਰਚ’ ਦਾ ਇੰਟਰਵਿਊ ਦਿੱਤਾ ਜਿੱਥੇ ਉਨ੍ਹਾਂ ਨੂੰ ਚੁਣ ਲਿਆ ਗਿਆ। ਉਨ੍ਹਾਂ ਨੂੰ ਰਾਕੇਟ ਇੰਜਨੀਅਰ ਦੇ ਅਹੁਦੇ ਲਈ ਚੁਣਿਆ ਗਿਆ। ਜਿੱਥੇ ਉਨ੍ਹਾਂ ਵੱਲੋਂ ਵੇਖੇ ਖ਼ੁਆਬਾਂ ਨੂੰ ਖੰਭ ਮਿਲੇ। ਉਨ੍ਹਾਂ ਨੂੰ ਨਾਸਾ ਭੇਜਿਆ ਗਿਆ। ਨਾਸਾ ਤੋਂ ਵਾਪਸੀ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਦੇ ਪਹਿਲੇ ਰਾਕੇਟ ਨੂੰ ਅਸਮਾਨ ਪਹੁੰਚਾਉਣ ਦੀ ਜ਼ਿੰਮੇਵਾਰੀ ਮਿਲੀ।

ਇਸ ਦੌਰਾਨ ਉਨ੍ਹਾਂ ਨੇ ਪਹਿਲਾਂ ਉਪਗ੍ਰਹਿ ‘ਨਾਈਕ ਅਪਾਚੀ’ ਨੂੰ ਉਡਾਣ ਦਿੱਤੀ ਸੀ। ਰੋਹਿਣੀ ਰਾਕੇਟ ਨੇ ਉਡਾਣ ਭਰੀ ਤੇ ਸਵਦੇਸ਼ੀ ਰਾਕੇਟ ਦੇ ਦਮ ‘ਤੇ ਭਾਰਤ ਦੀ ਪਛਾਣ ਪੂਰੀ ਦੁਨੀਆ ‘ਚ ਬਣ ਗਈ। ਇਸ ਤੋਂ ਬਾਅਦ ਕਲਾਮ ਦੀ ਪਛਾਣ ਪੂਰੀ ਦੁਨੀਆ ਨੂੰ ਹੋ ਗਈ। ਉਨ੍ਹਾਂ ਨੇ ਆਪਣੀ ਮਿਹਨਤ ਤੇ ਸਾਧਾਰਨ ਸਾਦਗੀ ਭਰੀ ਜ਼ਿੰਦਗੀ ਚੁਣੀ। ਉਨ੍ਹਾਂ ਦੀ ਸਾਦਗੀ ਕਿਸੇ ਵੀ ਬਾਹਰੀ ਚਮਕ ਦਮਕ ਦੀ ਮੋਹਤਾਜ਼ ਨਹੀਂ ਰਹੀ।

ਇਕ ਨਵੰਬਰ ਤੋਂ ਸ਼ੁਰੂ ਹੋ ਰਿਹੈ ਇਹ ਨਵਾਂ ਨਿਯਮ, ਹੁਣ ਇਕ ਕਲਿਕ ਨਾਲ ਪਤਾ ਲੱਗੇਗੀ ਤੁਹਾਡੀ ਸ਼ਿਕਾਇਤ ਜਾਂ ਫਾਈਲ ਕਿੱਥੇ ਲਟਕ ਰਹੀ ਹੈ

ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਵਿਚ ਕਿਸੇ ‘ਬਾਬੂ’ ਵੱਲੋਂ ਸ਼ਿਕਾਇਤ ਜਾਂ ਫਾਈਲ ਨੂੰ ਛੁਪਾਉਣ ਜਾਂ ਨਸ਼ਟ ਕਰਨ ਦੀ ਸ਼ਿਕਾਇਤ ਨਹੀਂ ਮਿਲੇਗੀ ਬਲਕਿ ਕੋਈ ਮੁਲਾਜ਼ਮ ਕਿਸੇ ਸ਼ਿਕਾਇਤ ਜਾਂ ਫਾਈਲ ਨੂੰ ਮਨਮਰਜ਼ੀ ਨਾਲ ਲੰਬੇ ਸਮੇਂ ਤਕ ਦਬਾ ਕੇ ਨਹੀਂ ਰੱਖ ਸਕੇਗਾ। ਇਕ ਨਵੰਬਰ ਤੋਂ ਸਿਵਲ ਸਕੱਤਰੇਤ, ਡਾਇਰੈਕਟੋਰੇਟ ਅਤੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦਾ ਕੰਮ ਆਨ-ਲਾਈਨ ਸ਼ੁਰੂ ਹੋ ਜਾਵੇਗਾ ਭਾਵ ਯਾਨੀ ਇਕ ਨਵੰਬਰ ਤੋਂ ਦਫ਼ਤਰਾਂ ਵਿਚ ਪੇਪਰ ਲੈੱਸ, ਬਿਨਾਂ ਕਾਗਜ਼ਾਂ ਤੋਂ ਕੰਮ ਸ਼ੁਰੂ ਹੋ ਜਾਵੇਗਾ ਅਤੇ ਇਕ ਕਲਿੱਕ ਨਾਲ ਪਤਾ ਲੱਗ ਸਕੇਗਾ ਕਿ ਫਾਈਲ ਜਾਂ ਸ਼ਿਕਾਇਤ ਕਿਸ ਮੁਲਾਜ਼ਮ, ਅਫ਼ਸਰ ਕੋਲ ਲੰਬਿਤ ਹੈ।

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਅਗਲੇ ਵਰ੍ਹੇ 2020 ਵਿਚ ਸਾਰੇ ਦਫ਼ਤਰਾਂ ਦਾ ਕੰਮਕਾਜ ਆਨਲਾਈਨ ਪ੍ਰਣਾਲੀ ਰਾਹੀਂ ਸ਼ੁਰੂ ਕਰਨ ਦਾ ਟੀਚਾ ਰੱਖਿਆ ਹੈ। ਸ਼ੁਰੂਆਤੀ ਦੌਰ ਵਿਚ ਸਕੱਤਰੇਤ, ਡਾਇਰੈਕਟੋਰੇਟ ਅਤੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ‘ਚ ਆਨਲਾਈਨ ਕੰਮ ਸ਼ੁਰੂ ਹੋਵੇਗਾ। ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਆਧੁਨਿਕਤਾ ਦੇ ਦੌਰ ਵਿਚ ਕਾਗਜ਼ੀ ਕੰਮਕਾਜ ਤੋਂ ਛੁਟਕਾਰਾ ਪਾਉਣ ਲਈ ਆਨ-ਲਾਈਨ ਪੋਰਟਲ ਸ਼ੁਰੂ ਕੀਤਾ ਗਿਆ ਹੈ। ਦਫ਼ਤਰਾਂ ਵਿਚ ਆਨ-ਲਾਈਨ ਕੰਮ ਕਰਨ ਲਈ ਸਕੱਤਰੇਤ ਅਤੇ ਡਾਇਰੈਕਟੋਰੇਟ ਦੇ ਕਲਰਕਾਂ,

ਸਹਾਇਕ, ਸੀਨੀਅਰ ਸਹਾਇਕ, ਸੁਪਰਡੈਂਟ ਨੂੰ ਪਹਿਲੇ ਪੜਾਅ ਤਹਿਤ ਟ੍ਰੇਨਿੰਗ ਦੇਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਅਗਲੇ ਪੜਾਅ ਤਹਿਤ ਪੀਸੀਐਸ ਅਤੇ ਆਈਏਐਸ ਅਧਿਕਾਰੀਆਂ ਨੂੰ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਇਕ ਪੋਰਟਲ ਤਿਆਰ ਕੀਤਾ ਗਿਆ ਹੈ। ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਜਾਂ ਚਿੱਠੀ ਨੂੰ ਮੁਲਾਜ਼ਮ ਵੱਲੋਂ ਸਕੈਨ ਕਰਕੇ ਸਰਕਾਰ ਵੱਲੋਂ ਬਣਾਏ ਪੋਰਟਲ ‘ਤੇ ਅਪਲੋਡ ਕਰ ਦੇਵੇਗਾ। ਇਸ ਤੋਂ ਬਾਅਦ ਬ੍ਰਾਂਚ ਦਾ ਸੁਪਰਡੈਂਟ ਸਬੰਧਤ ਫਾਈਲ, ਚਿੱਠੀ, ਸ਼ਿਕਾਇਤ ਨੂੰ ਸਬੰਧਤ ਡੀਲਿੰਗ ਹੈਂਡ ਨੂੰ ਰੈਫਰ ਕਰੇਗਾ। ਇਸ ਤਰ੍ਹਾਂ ਡੀਲਿੰਗ ਹੈਂਡ ਵਲੋਂ ਕਾਰਵਾਈ, ਨੋਟੀਫਿਕੇਸ਼ਨ ਜਾਂ ਹੋਰ ਜ਼ਰੂਰੀ ਦਸਤਾਵੇਜ਼ ਨਾਲ ਅਟੈਚ ਕਰਕੇ ਫਾਈਲ ਫਾਰਵਰਡ ਕਰੇਗਾ। ਇਸ ਤਰ੍ਹਾਂ ਨੋਟਿੰਗ, ਹੁਕਮ ਤੇ ਫੈਸਲਾ ਆਨ-ਲਾਈਨ ਹੋਵੇਗਾ।

ਉਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਆਨ-ਲਾਈਨ ਪ੍ਰਣਾਲੀ ਸ਼ੁਰੂ ਹੋਣ ਨਾਲ ਦਫ਼ਤਰੀ ਕੰਮ ਸੌਖਾ ਹੋਵੇਗਾ ਅਤੇ ਲੋਕਾਂ ਦੀ ਪਰੇਸ਼ਾਨੀ ਵੀ ਘੱਟ ਜਾਵੇਗੀ। ਉਚ ਅਫ਼ਸਰਾਂ ਦਾ ਮੰਨਣਾ ਹੈ ਕਿ ਅਕਸਰ ਕਲਰਕ ਭਾਵ ਬਾਬੂ ਵੱਲੋਂ ਸ਼ਿਕਾਇਤ ਨੂੰ ਨਸ਼ਟ ਕਰਨ ਜਾਂ ਫਾਈਲ ਨੂੰ ਪੁੱਟ ਨਾ ਕਰਨ (ਅੱਗੇ ਤੋਰਨ) ਦੀ ਸ਼ਿਕਾਇਤ ਮਿਲਦੀ ਹੈ, ਇਸ ਤਰ੍ਹਾਂ ਹੁਣ ਹਰੇਕ ਮੁਲਾਜ਼ਮ, ਅਧਿਕਾਰੀ ਦੀ ਜ਼ਿੰਮੇਵਾਰੀ ਤੈਅ ਹੋ ਜਾਵੇਗੀ ਕਿ ਕਿਹੜਾ ਮੁਲਾਜ਼ਮ ਜਾਂ ਅਧਿਕਾਰੀ ਕਿੰਨੇ ਦਿਨ ਵੱਧ ਤੋਂ ਵੱਧ ਫਾਈਲ ਰੋਕ ਸਕਦਾ ਹੈ। ਇਕ ਕਲਿੱਕ ਨਾਲ ਉਚ ਅਫ਼ਸਰ ਨੂੰ ਪਤਾ ਲੱਗ ਜਾਵੇਗਾ ਕਿ ਫਾਈਲ ਕਿਹੜੇ ਮੁਲਾਜ਼ਮ ਜਾਂ ਅਧਿਕਾਰੀ ਕੋਲ ਲੰਬਿਤ ਹੈ।

ਉਧਰ ਕਈ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਦਫ਼ਤਰੀ ਕੰਮਕਾਜ ਆਨ-ਲਾਈਨ ਕਰਨ ਦਾ ਫੈਸਲਾ ਕਰ ਲਿਆ ਹੈ ਪਰ ਬਿਨਾਂ ਦੇਰੀ, ਰੁਕਾਵਟ ਤੋਂ ਕੰਮਕਾਜ ਕਰਨ ਲਈ ਸਿਸਟਮ ਸਹੀ ਨਹੀਂ ਹੈ। ਕਈ ਮੁਲਾਜ਼ਮਾਂ ਨੇ ਦੱਸਿਆ ਕਿ ਭਾਵੇਂ ਪੋਰਟਲ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਪ੍ਰੋਸੀਡਿੰਗ ਸਹੀ ਨਾ ਹੋਣ ਕਰਕੇ ਪੋਰਟਲ ਖੁੱਲਣ ਨੂੰ ਬਹੁਤ ਸਮਾਂ ਲੱਗਦਾ ਹੈ। ਇਸ ਤਰ੍ਹਾਂ ਮੁਲਾਜ਼ਮਾਂ ਦੀ ਪਰੇਸ਼ਾਨੀ ਹੋਰ ਵਧੇਗੀ ਲੋਕ ਨਹੀਂ ਦੇਖ ਸਕਣਗੇ ਆਪਣੀ ਫਾਈਲ

ਬਦਲਦੇ ਹਾਲਾਤਾਂ ਤੇ ਆਧੁਨਿਕ ਦੌਰ ਵਿਚ ਭਾਵੇਂ ਸਰਕਾਰ ਨੇ ਵਿਭਾਗਾਂ ਦਾ ਕੰਮਕਾਜ ਆਨਲਾਈਨ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ ਹੈ ਪਰ ਸ਼ਿਕਾਇਤਕਰਤਾ, ਲੋੜਵੰਦ ਜਾਂ ਸਬੰਧਤ ਵਿਅਕਤੀ ਨੂੰ ਪਤਾ ਨਹੀਂ ਲਗੇਗਾ ਕਿ ਉਸਦੀ ਸ਼ਿਕਾਇਤ ਜਾਂ ਫਾਈਲ ਕਿਥੇ ਲੰਬਿਤ ਹੈ। ਭਾਵ ਕੋਈ ਵਿਅਕਤੀ ਕੰਪਿਊਟਰ ਦੇ ਯੁੱਗ ਵਿਚ ਖ਼ੁਦ ਕਲਿੱਕ ਕਰਕੇ ਆਪਣੀ ਸ਼ਿਕਾਇਤ ਜਾਂ ਫਾਈਲ ‘ਤੇ ਹੋਏ ਕੰਮ ਨੂੰ ਨਹੀਂ ਦੇਖ ਸਕੇਗਾ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਸਹੀ ਮਾਅਨੇ ਵਿਚ ਕੰਮਕਾਜ ‘ਚ ਤੇਜ਼ੀ ਲਿਆਉਣਾ ਚਾਹੁੰਦੀ ਹੈ ਤਾਂ ਸ਼ਿਕਾਇਤਕਰਤਾ, ਲੋੜਵੰਦ ਜਾਂ ਜਿਸ ਵਿਅਕਤੀ ਦਾ ਕੰਮ ਹੈ, ਨੂੰ ਜਾਣਕਾਰੀ ਦੇਣ ਦੀ ਵਿਵਸਥਾ ਹੋਣੀ ਚਾਹੀਦੀ ਹੈ ਤਾਂ ਕਿ ਵਿਅਕਤੀ ਨੂੰ ਵੀ ਕਲਿੱਕ ਕਰਨ ‘ਤੇ ਆਪਣੇ ਕੰਮ ਦੀ ਜਾਣਕਾਰੀ ਹਾਸਲ ਹੋ ਸਕੇ।

ਸਰਨਾ ਦਾ ਵੱਡਾ ਐਲਾਨ, ਜੱਥੇਦਾਰ ਸ਼੍ਰੀ ਅਕਾਲ ਤਖਯ ਸਾਹਿਬ ਕਰਨਗੇ ਨਗਰ ਕੀਰਤਨ ਦੀ ਅਗਵਾਈ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅੱਜ ਇਥੇ ਇਕ ਪੱਤਰਕਾਰ ਮਿਲਣੀ ਦੌਰਾਨ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 28 ਅਕਤੂਬਰ ਨੂੰ ਦਿੱਲੀ ਦੇ ਗੁਰਦੁਆਰਾ ਗੁਰੂ ਨਾਨਕ ਪਿਆਓ ਤੋਂ ਸ਼ੁਰੂ ਹੋ ਕੇ ਉਸੇ ਦਿਨ ਲੁਧਿਆਣਾ ਦੇ ਗੁਰਦੁਆਰਾ ਸ਼ਹੀਦਾਂ ਵਿਖੇ ਪੁੱਜੇਗਾ ਅਤੇ ਰਾਤ ਦੇ ਠਹਿਰਾਓ ਮਗਰੋਂ ਅਗਲੇ ਦਿਨ ਅਗਲੇ ਪੜਾਅ ਲਈ ਰਵਾਨਾ ਹੋ ਜਾਵੇਗਾ।

29 ਨੂੰ ਰਾਤ ਨੂੰ ਸੁਲਤਾਨਪੁਰ ਲੋਧੀ ਵਿਖੇ ਵਿਸ਼ਰਾਮ ਉਪਰੰਤ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਦਾਖਲ ਹੋਣ ਸਮੇਂ ਐੱਮਪੀ ਪ੍ਰਨੀਤ ਕੌਰ ਸ਼ੰਭੂ ਬਾਰਡਰ ਵਿਖੇ ਇਸ ਦਾ ਸਵਾਗਤ ਕਰਨਗੇ ਅਤੇ ਪੰਜਾਬ ‘ਚੋਂ ਪਾਕਿਸਤਾਨ ‘ਚ ਦਾਖਲ ਹੋਣ ਸਮੇਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਇਸ ਨੂੰ ਰਵਾਨਾ ਕਰਨਗੇ। ਉਨ੍ਹਾਂ ਕਿਹਾ ਕਿ

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰਰੀਤ ਸਿੰਘ ਨੇ ਦਿੱਲੀ ਵਿਖੇ ਨਗਰ ਕੀਰਤਨ ਦੀ ਸ਼ੁਰੂਆਤ ਵੇਲੇ ਇਸ ਦੀ ਅਗਵਾਈ ਕਰਨਾ ਪ੍ਰਵਾਨ ਕੀਤਾ ਹੈ ਅਤੇ ਪਾਕਿਸਤਾਨ ਵੀ ਨਾਲ ਹੀ ਜਾਣਗੇ। ਇਸ ਮੌਕੇ ਜਸਵਿੰਦਰ ਸਿੰਘ ਬਲੀਏਵਾਲ, ਇੰਦਰਜੀਤ ਸਿੰਘ ਸੰਤਗੜ੍ਹ, ਜਸਮੀਤ ਸਿੰਘ ਪ੍ਰਰੀਤਮਪੁਰਾ, ਇਕਬਾਲ ਸਿੰਘ, ਜਰਨੈਲ ਸਿੰਘ, ਪਿ੍ਰਤਪਾਲ ਸਿੰਘ ਬਲੀਏਵਾਲ, ਡਾ. ਕਮਲਜੀਤ ਸਿੰਘ, ਹਰਮੀਤ ਸਿੰਘ ਅਤੇ ਦਰਸ਼ਨ ਸਿੰਘ ਆਦਿ ਵੀ ਹਾਜ਼ਰ ਸਨ।

ਲੰਬੀ ਉਮਰ ਤੇ ਨਰੋਈ ਸਿਹਤ ਦਾ ਰਾਜ਼ ਹੈ ਦਹੀਂ, ਦੇਖੋ ਕੀ ਨੇ ਹੋਰ ਗੁਣ

ਦਹੀਂ ਤੇ ਸਿਹਤ ਦਾ ਆਪਸ ‘ਚ ਡੂੰਘਾ ਸਬੰਧ ਹੈ। ਇਸ ਦੀ ਵਰਤੋਂ ਪ੍ਰਾਚੀਨ ਕਾਲ ਤੋਂ ਹੁੰਦੀ ਆ ਰਹੀ ਹੈ। ਯੂਨਾਨੀ ਲੋਕ ਦਹੀਂ ਦੀ ਵਰਤੋਂ ਪੇਟ ਦੇ ਵੱਕਾਰਾਂ ਨੂੰ ਦੂਰ ਕਰਨ ਲਈ ਕਰਦੇ ਸਨ। ਤੁਰਕੀ ‘ਚ ਨੀਂਦ ਨਾ ਆਉਣ ਦਾ ਇਲਾਜ ਦਹੀਂ ਨਾਲ ਕੀਤਾ ਜਾਂਦਾ ਸੀ। ਪੁਰਤਗਾਲੀ ਔਰਤਾਂ ਆਪਣੀ ਸੁੰਦਰਤਾ ਲਈ ਸਰੀਰ ‘ਤੇ ਦਹੀਂ ਦਾ ਲੇਪ ਕਰਦੀਆਂ ਸਨ। ਦਹੀਂ ‘ਚ ਦੂਸਰੇ ਖ਼ੁਰਾਕੀ ਪਦਾਰਥਾਂ ਦੇ ਮੁਕਾਬਲੇ ਜ਼ਿਆਦਾ ਪੌਸ਼ਟਿਕ ਤੱਤ ਹੁੰਦੇ ਹਨ। ਇਸ ‘ਚ ਕੈਲਸ਼ੀਅਮ, ਆਇਰਨ, ਫਾਸਫੋਰਸ, ਪ੍ਰੋਟੀਨ ਤੇ ਵਿਟਾਮਿਨ-ਬੀ, ਕੰਪਲੈਕਸ ਆਦਿ ਤੱਤ ਉੱਚਿਤ ਮਾਤਰਾ ‘ਚ ਪਾਏ ਜਾਂਦੇ ਹਨ।

ਆਯੁਰਵੇਦ ‘ਚ ਦਹੀਂ ਨੂੰ ਭੁੱਖ ਵਧਾਉਣ, ਕਫ਼ ਦਾ ਨਾਸ਼ ਕਰਨ, ਨੀਂਦ ਲਿਆਉਣ, ਦਿਲ ਨੂੰ ਮਜ਼ਬੂਤ ਕਰਨ, ਖ਼ੂਨ ਸਾਫ਼ ਕਰਨ ਤੇ ਯਾਦਦਾਸ਼ਤ ਵਧਾਉਣ ਵਾਲਾ ਦੱਸਿਆ ਗਿਆ ਹੈ। ਭੋਜਨ ਨਾਲ ਦਹੀਂ ਦਾ ਸੇਵਨ ਕਰਨ ਨਾਲ ਨਾਲ ਭੋਜਨ ਛੇਤੀ ਪਚਦਾ ਹੈ ਤੇ ਅੰਤੜੀਆਂ ਦੀ ਸਫ਼ਾਈ ਹੁੰਦੀ ਹੈ। ਲਿੰਕਨ ਯੂਨੀਵਰਸਿਟੀ ‘ਚ ਕੀਤੇ ਗਏ ਪ੍ਰਯੋਗਾਂ ‘ਚ ਪਾਇਆ ਗਿਆ ਹੈ ਕਿ ਲਗਾਤਾਰ ਦਹੀਂ ਦੀ ਵਰਤੋਂ ਨਾਲ ਕੈਂਸਰ ਦੇ ਰੋਗੀਆਂ ‘ਚ 28 ਫ਼ੀਸਦੀ ਕਮੀ ਆਈ ਹੈ। ਇਸ ਤਰ੍ਹਾਂ ਕੁਝ ਰੂਸੀ ਵਿਗਿਆਨੀਆਂ ਨੇ ਯੁਗੋਸਲਾਵੀਆ ਦੇ ਲੋਕਾਂ ਦੀ ਉਮਰ ਦਾ ਰਾਜ਼ ਖੋਜਦਿਆਂ ਇਸ ਗੱਲ ਦਾ ਰਹੱਸ ਲੋਕਾਂ ਸਾਹਮਣੇ ਲਿਆਂਦਾ ਹੈ ਕਿ

ਇਨ੍ਹਾਂ ਲੋਕਾਂ ਦੀ ਲੰਮੀ ਉਮਰ ਲਈ ਸਭ ਤੋਂ ਵੱਡੀ ਭੂਮਿਕਾ ਦਹੀਂ ਦੀ ਵਰਤੋਂ ਹੀ ਸੀ। ਦਹੀਂ ਦੀ ਖੋਜ ਸਭ ਤੋਂ ਪਹਿਲਾਂ ਚੀਨ ‘ਚ ਹੋਈ ਮੰਨੀ ਜਾਂਦੀ ਹੈ। ਅੱਜ ਇਹ ਸਮੁੱਚੇ ਵਿਸ਼ਵ ਦੇ ਲੋਕਾਂ ਦੀ ਇਹ ਮਨਭਾਉਂਦੀ ਖ਼ੁਰਾਕ ਹੈ। ਗੁਣ – ਦੁੱਧ ਨੂੰ ਕਾੜ੍ਹ ਕੇ ਜਿਹੜਾ ਦਹੀਂ ਤਿਆਰ ਕੀਤਾ ਜਾਂਦਾ ਹੈ, ਉਹ ਖਾਣ ‘ਚ ਸਵਾਦੀ ਤੇ ਥਿੰਦਾ ਹੁੰਦਾ ਹੈ। ਇਹ ਤਾਸੀਰ ‘ਚ ਠੰਢਾ, ਹਲਕਾ ਤੇ ਭੁੱਖ ਵਧਾਉਣ ਵਾਲਾ ਹੁੰਦਾ ਹੈ। – ਬੂਰਾ ਚੀਨੀ ਮਿਲਾ ਕੇ ਦਹੀਂ ਖਾਧਾ ਜਾਵੇ ਤਾਂ ਇਹ ਪਿਆਸ, ਗਰਮੀ ਤੇ ਖ਼ੂਨ ਦੇ ਦੋਸ਼ਾਂ ਦਾ ਨਾਸ਼ ਕਰਦਾ ਹੈ। ਸ਼ੱਕਰ ਵਾਲਾ ਦਹੀਂ ਪੇਟ ਗੈਸ ਆਦਿ ਦੂਰ ਕਰਦਾ ਹੈ।

– ਦਹੀਂ ‘ਚ ਜਿਹੜਾ ਪਾਣੀ ਹੁੰਦਾ ਹੈ, ਉਹ ਸਵਾਦ ‘ਚ ਕਸੈਲਾ, ਖੱਟਾ, ਗਰਮ, ਤਾਕਤਵਰ ਤੇ ਹਲਕਾ ਹੁੰਦਾ ਹੈ। ਇਹ ਦਸਤ, ਕਬਜ਼, ਪੀਲੀਆ, ਦਮਾ, ਗੈਸ ਤੇ ਬਵਾਸੀਰ ਆਦਿ ਰੋਗਾਂ ‘ਚ ਆਰਾਮ ਦਿੰਦਾ ਹੈ। – ਬਗ਼ੈਰ ਮਲਾਈ ਦਾ ਦਹੀਂ ਹਲਕਾ ਤੇ ਭੁੱਖ ਵਧਾਉਣ ਵਾਲਾ ਹੁੰਦਾ ਹੈ। ਇਹ ਪੇਟ ਨੂੰ ਸਾਫ਼ ਕਰਨ ਤੇ ਪੇਟ ਦੀ ਜਲਣ ਰੋਕਣ ‘ਚ ਵੀ ਸਹਾਈ ਹੁੰਦਾ ਹੈ। – ਦਹੀਂ ਨਾਲ ਪੇਟ ਦੀ ਖ਼ੁਸ਼ਕੀ ਦੂਰ ਹੁੰਦੀ ਹੈ ਤੇ ਦਿਮਾਗ਼ ਨੂੰ ਠੰਢਕ ਮਿਲਦੀ ਹੈ। ਜੇ ਭੋਜਨ ਕਰਨ ਤੋਂ ਬਾਅਦ ਦਹੀਂ ‘ਚ ਥੋੜ੍ਹੀ ਜਿਹੀ ਅਜਵਾਇਣ ਤੇ ਸੇਂਧਾ ਨਮਕ ਮਿਲਾ ਕੇ ਸੇਵਨ ਕੀਤਾ ਜਾਵੇ ਤਾਂ ਪੇਟ ਦੀਆਂ ਸਾਰੀਆਂ ਤਕਲੀਫ਼ਾਂ ਦੂਰ ਹੋ ਜਾਂਦੀਆਂ ਹਨ।

– ਦਹੀਂ ਦੀ ਮਲਾਈ ਤਾਕਤ, ਪੇਟ ਗੈਸ ਤੇ ਗਰਮੀ ਦੂਰ ਕਰਨ ਵਾਲੀ ਹੁੰਦੀ ਹੈ ਪਰ ਇਸ ਨਾਲ ਕਫ਼ ਵਧਦੀ ਹੈ ਤੇ ਜ਼ਿਆਦਾ ਖਾਣ ਨਾਲ ਦਸਤ ਲੱਗ ਸਕਦੇ ਹਨ। – ਸੁਖਮੰਦਰ ਸਿੰਘ ਤੂਰ

ਗਤਕੇ ਨੂੰ ਓਲੰਪਿਕ ਤਕ ਪਹੁੰਚਾਉਣ ਦੀ ਲੋੜ

‘ਗਤਕਾ’ ਇਕ ਅਜਿਹੀ ਖੇਡ ਹੈ ਜਿਸ ਦਾ ਨਾਂ ਲੈਂਦਿਆਂ ਹੀ ਬਹਾਦਰੀ, ਨਿਡਰਤਾ ਅਤੇ ਸੂਰਮਗਤੀ ਦਾ ਅਹਿਸਾਸ ਹੁੰਦਾ ਹੈ ਅਤੇ ਇਤਿਹਾਸ ਦੇ ਜਾਣਕਾਰ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਜੰਗੀ ਕਲਾ ਦੇ ਅਭਿਆਸ ਵਿੱਚੋਂ ਜਨਮੀ ਇਸ ਅਦਭੁਤ ਸ਼ਸਤਰ ਵਿੱਦਿਆ ਨੇ ਭਾਰਤ ਦੇ ਇਤਿਹਾਸ ‘ਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸ ਖੇਡ ਨੇ ਪੰਜਾਬੀਆਂ ਖ਼ਾਸ ਤੌਰ ‘ਤੇ ਸਿੱਖਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ’ ਤੇ ਇੰਨੀ ਸ਼ਕਤੀ ਦਿੱਤੀ ਕਿ ਸਿੱਖ ਕੌਮ ਦੁਨੀਆ ਦੀਆਂ ਲੜਾਕੂ ਅਤੇ ਮਾਰਸ਼ਲ ਕੌਮਾਂ ਦੀ ਪਹਿਲੀ ਕਤਾਰ ‘ਚ ਸ਼ਾਮਲ ਹੋ ਗਈ।

ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦੀਆਂ ਤਲਵਾਰਾਂ ਧਾਰਨ ਕਰ ਕੇ ਭਗਤੀ ਅਤੇ ਸ਼ਕਤੀ ਦਾ ਸੁਮੇਲ ਕੀਤਾ। ਇਸ ਦੀ ਨੀਂਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ‘ਚ ਖ਼ਾਲਸੇ ਦੀ ਸਾਜਨਾ ਕਰ ਕੇ ਸ਼ਸਤਰਾਂ ਨੂੰ ਹਰੇਕ ਸਿੱਖ ਦੇ ਜੀਵਨ ਦਾ ਜ਼ਰੂਰੀ ਅੰਗ ਬਣਾ ਕੇ ਰੱਖੀ। ਇਸੇ ਸੁਮੇਲ ਨੇ ਸੰਤ ਤੇ ਸਿਪਾਹੀ ਦੇ ਸੰਕਲਪ ਨੂੰ ਜਨਮ ਦਿੱਤਾ। ਸਪਸ਼ਟ ਹੈ ਕਿ ਜੇ ਜ਼ਾਲਮ ਦੇ ਹੱਥ ਆ ਜਾਵੇ ਤਾਂ ਉਹ ਤਲਵਾਰ ਹੁੰਦੀ ਹੈ ਅਤੇ ਸੰਤ ਦੇ ਹੱਥ ਆਇਆ ‘ਕੱਕਾਰ’ ਕਿਰਪਾਨ ਹੁੰਦਾ ਹੈ। ਜ਼ਾਲਮ ਦੀ ਤਲਵਾਰ ਜ਼ੁਲਮ ਕਰਦੀ ਹੈ ਅਤੇ ਕਿਰਪਾਨ ਜ਼ਾਲਮ ਦਾ ਸਿਰ ਕਲਮ ਕਰ ਕੇ ਕਿਰਪਾ ਕਰਦੀ ਹੈ।

ਸ਼ਸਤਰ ਧਾਰਨ ਕਰਨ ਅਤੇ ਗਤਕੇ ਦੀ ਸਿਖਲਾਈ ਨੇ ਸਿੰਘਾਂ ਨੂੰ ਰਾਜਸੀ ਸ਼ਕਤੀ ਹਾਸਲ ਕਰਨ ਲਈ ਆਤਮ-ਵਿਸ਼ਵਾਸ ਨਾਲ ਭਰ ਦਿੱਤਾ ਅਤੇ ਬੰਦਾ ਸਿੰਘ ਬਹਾਦਰ ਅਤੇ ਬਾਅਦ ‘ਚ ਮਹਾਰਾਜਾ ਰਣਜੀਤ ਸਿੰਘ ਦੁਆਰਾ ਸਥਾਪਤ ਵਿਸ਼ਾਲ ਸਿੱਖ ਸਾਮਰਾਜ ਇਸੇ ਆਤਮ-ਵਿਸ਼ਵਾਸ ਦਾ ਹੀ ਨਤੀਜਾ ਸੀ। ਗਤਕਾ ਕੇਵਲ ਜੰਗ ਦੇ ਸਮੇਂ ਹੀ ਵਰਤੀ ਜਾਣ ਵਾਲੀ ਵਿੱਦਿਆ ਨਹੀਂ ਸਗੋਂ ਸ਼ਾਂਤੀ ਦੇ ਮੌਕੇ ਸਰੀਰਕ ਕਸਰਤ ਅਤੇ ਮਨੋਰੰਜਨ ਦਾ ਵੀ ਸਾਧਨ ਹੈ। ਜੇਕਰ ਇਕ ਸੰਪੂਰਨ ਗਤਕਾਬਾਜ਼ ਦੀ ਪਰਿਭਾਸ਼ਾ ਦੇਣੀ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਇਕ ਗਤਕਾਬਾਜ਼ ਉਹ ਹੈ ਜਿਸ ਦੀ ਸਿਖਲਾਈ ਪੈਂਤੜੇ ਤੋਂ ਸ਼ੁਰੂ ਹੁੰਦੀ ਹੈ ਅਤੇ ਸਮਾਂ ਬੀਤਣ ਨਾਲ ਇਕ ਆਦਰਸ਼ ਜੀਵਨ ਜਾਚ ਉਸ ਦੇ ਕਿਰਦਾਰ ‘ਚੋਂ ਝਲਕਦੀ ਹੈ। ਹੱਥ ਵਿਚ ਕੇਵਲ ਕਿਰਪਾਨ ਜਾਂ ਸੋਟੀ ਫੜ ਕੇ ਘੁਮਾਉਣ ਵਾਲੇ ਨੂੰ ਗਤਕਾਬਾਜ਼ ਨਹੀਂ ਕਿਹਾ ਜਾ ਸਕਦਾ।

ਪਰ ਅਫਸੋਸ ਦੀ ਗੱਲ ਹੈ ਕਿ ਜਿੱਥੇ ਅੱਜ ਭਾਰਤੀ ਸਮਾਜ ਆਪਣੀਆਂ ਪਰੰਪਰਾਵਾਂ ਅਤੇ ਸੰਸਕ੍ਰਿਤੀ ਨੂੰ ਛੱਡ ਕੇ ਪੱਛਮੀ ਸੱਭਿਆਚਾਰ ਵੱਲ ਆਕਰਸ਼ਿਤ ਹੋ ਰਿਹਾ ਹੈ ਉਸੇ ਤਰ੍ਹਾਂ ਅਸੀ ਬਾਹਰਲੀਆਂ ਖੇਡਾਂ ਨੂੰ ਤਾਂ ਤਰਜੀਹ ਦਿੱਤੀ ਪਰ ਆਪਣੇ ਪੂਰਵਜਾਂ ਵੱਲੋਂ ਬਖ਼ਸ਼ੀਆਂ ਵਿਰਾਸਤੀ ਖੇਡਾਂ ਦੇ ਅਨਮੋਲ ਖ਼ਜ਼ਾਨੇ ਨੂੰ ਨਾ ਸੰਭਾਲ ਸਕੇ। ਗਤਕੇ ਦੀ ਇਹ ਕਹਿ ਕੇ ਅਣਦੇਖੀ ਕਰਨੀ ਸਹੀ ਨਹੀਂ ਕਿ ਇਹ ਜੰਗੀ ਕਲਾ ਗੁਰੂ ਸਹਿਬਾਨ ਦੇ ਸਮੇਂ ਹੀ ਵਰਤੀ ਜਾ ਸਕਦੀ ਸੀ ਕਿਉਂਕਿ ਅੱਜਕੱਲ੍ਹ ਤਾਂ ਜੰਗ ਦਾ ਰੂਪ ਹੀ ਬਦਲ ਗਿਆ ਹੈ। ਹੁਣ ਤਾਂ ਤਲਵਾਰਾਂ, ਬਰਛਿਆਂ ਦੀ ਥਾਂ ਟੈਕਾਂ, ਤੋਪਾਂ ਅਤੇ ਜੰਗੀ ਜਹਾਜ਼ਾਂ ਨੇ ਲੈ ਲਈ ਹੈ। ਉਕਤ ਵਿਚਾਰ ਬਿਲਕੁਲ ਗ਼ਲਤ ਹੈ।

ਗਤਕਾ ਜੰਗੀ ਕਲਾ ਦੇ ਨਾਲ-ਨਾਲ ਇਕ ਖੇਡ ਵੀ ਹੈ ਜੋ ਸਾਨੂੰ ਸਰੀਰਕ ਅਤੇ ਮਾਨਸਿਕ ਮਜ਼ਬੂਤੀ ਪ੍ਰਦਾਨ ਕਰਦੀ ਹੋਈ ਮਹਾਨ ਵਿਰਸੇ ਨਾਲ ਜੋੜਦੀ ਹੈ। ਇਹ ਇਨਸਾਨ ‘ਚ ਨਿਡਰਤਾ, ਬਹਾਦਰੀ, ਸਰੀਰਕ ਸ਼ਕਤੀ ਅਤੇ ਤੰਦਰੁਸਤੀ ਭਰਦੀ ਹੈ। ਆਮ ਸਮਾਜ ‘ਚ ਵਿਚਰਦੇ ਸਮੇਂ ਗ਼ੈਰ-ਸਮਾਜਿਕ ਅਨਸਰਾਂ ਨਾਲ ਲੜਨ ਦਾ ਮਾਦਾ ਕੇਵਲ ਉਸ ਵਿਚ ਹੁੰਦਾ ਹੈ ਜੋ ਨਿਡਰ, ਬਹਾਦਰ ਤੇ ਸਰੀਰਕ ਤੌਰ ‘ਤੇ ਤਾਕਤਵਰ ਹੋਵੇ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹਰ ਸਿੱਖ ਲਈ ਸ਼ਸਤਰ ਧਾਰਨ ਕਰਨ ਅਤੇ ਉਸ ਦੀ ਸਿਖਲਾਈ ਲੈਣ ਦਾ ਹੁਕਮ ਵੀ ਇਸ ਲਈ ਕੀਤਾ ਸੀ ਤਾਂ ਜੋ ਹਰ ਸਿੱਖ ਸਵੈ-ਮਾਣ ਅਤੇ ਇੱਜ਼ਤ ਦੀ ਜ਼ਿੰਦਗੀ ਜੀਅ ਸਕੇ।

ਦੁੱਖ ਦੀ ਗੱਲ ਤਾਂ ਇਹ ਹੈ ਕਿ ਅੱਜ ਗਤਕੇ ਵਰਗੀ ਖੇਡ ਜਿਸ ‘ਤੇ ਸਿੱਖ ਕੌਮ ਨੂੰ ਹੀ ਨਹੀਂ ਸਗੋਂ ਸਾਰੇ ਭਾਰਤੀ ਸਮਾਜ ਨੂੰ ਮਾਣ ਹੋਣਾ ਚਾਹੀਦਾ ਹੈ, ਨੂੰ ਪ੍ਰਫੁੱਲਿਤ ਕਰਨ ਅਤੇ ਉਸ ਦਾ ਬਣਦਾ ਮਾਣ-ਸਤਿਕਾਰ ਦਿਵਾਉਣ ਲਈ ਓਨੇ ਉੱਦਮ ਅਤੇ ਉਪਰਾਲੇ ਨਹੀਂ ਹੋ ਰਹੇ ਜਿੰਨਿਆਂ ਦੀ ਲੋੜ ਹੈ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਗਤਕਾ ਖੇਡ ਲਈ ਇਕ ਨਾਮਾਤਰ ਬਜਟ ਰੱਖਿਆ ਜਾਂਦਾ ਹੈ। ਵਿਦੇਸ਼ ਵਿਚ ਬੈਠੇ ਸਾਡੇ ਪੰਜਾਬੀ ਵੀਰਾਂ ਨੇ ਵੀ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਕਰੋੜਾਂ-ਅਰਬਾਂ ਰੁਪਏ ਖ਼ਰਚ ਕਰ ਦਿੱਤੇ ਜੋ ਚੰਗੀ ਗੱਲ ਹੈ ਪਰ ਗੁਰੁ ਸਾਹਿਬਾਨ ਦੀ ਬਖਸ਼ਿਸ਼ ਪ੍ਰਾਪਤ ਖੇਡ ਗਤਕਾ ਵੱਲ ਉਨ੍ਹਾਂ ਵੱਲੋਂ ਵੱਡਾ ਹੁੰਗਾਰਾ ਨਹੀਂ ਦਿੱਤਾ ਜਾਂਦਾ।

ਖ਼ਾਲਸਾ ਪੰਥ ਦੀ 300 ਸਾਲਾ ਸ਼ਤਾਬਦੀ ਤੋਂ ਲੈ ਕੇ ਹੁਣ ਤਕ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ ਬਹੁਤ ਸ਼ਤਾਬਦੀਆਂ ਮਨਾਈਆਂ ਗਈਆਂ ਪਰ ਸਿੱਖਾਂ ਦੇ ਮਾਰਸ਼ਲ ਆਰਟ ਨੂੰ ਉਤਸ਼ਾਹਿਤ ਕਰਨ ਅਤੇ ਇਸ ਕਲਾ ਨਾਲ ਜੁੜੇ ਖਿਡਾਰੀਆਂ, ਅਖਾੜਿਆਂ, ਅਕੈਡਮੀਆਂ ਨੂੰ ਉੱਚਾ ਚੁੱਕਣ ਲਈ ਕੋਈ ਖ਼ਾਸ ਨੀਤੀ ਨਹੀਂ ਬਣਾਈ ਗਈ। ਇੱਥੇ ਇਹ ਸਭ ਦੱਸਦੇ ਹੋਏ ਮੈਂ ਸਰਕਾਰਾਂ, ਸ਼੍ਰੋਮਣੀ ਕਮੇਟੀ ਜਾਂ ਐੱਨਆਰਆਈ ਵੀਰਾਂ ਨੂੰ ਗ਼ਲਤ ਸਾਬਤ ਨਹੀਂ ਕਰ ਰਿਹਾ ਸਗੋਂ ਉਨ੍ਹਾਂ ਦਾ ਧਿਆਨ ਗਤਕਾ ਖੇਡ ਵੱਲ ਦਿਵਾਉਣਾ ਚਾਹੁੰਦਾ ਹਾਂ।

ਗਤਕਾ ਫੈੱਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਵੱਲੋਂ ਪਿਛਲੇ ਲਗਪਗ ਇਕ ਦਹਾਕੇ ਤੋਂ ਇਸ ਖੇਡ ਨੂੰ ਉਤਸ਼ਾਹਿਤ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਇਕ ਖ਼ਾਸ ਨੀਤੀ ਤਹਿਤ ਇਸ ਖੇਡ ਨੂੰ ਘਰ-ਘਰ ਦੀ ਖੇਡ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਵੱਖ-ਵੱਖ ਸੰਸਥਾਵਾਂ ਦੇ ਅਮੁੱਲੇ ਸਹਿਯੋਗ ਨਾਲ ਇਸ ਖੇਡ ਨੂੰ ਗ੍ਰੇਡੇਸ਼ਨ ਪ੍ਰਾਪਤ ਖੇਡਾਂ ਦੀ ਸੂਚੀ ਵਿਚ ਸ਼ਾਮਲ ਕਰਵਾਇਆ ਗਿਆ ਹੈ ਤਾਂ ਜੋ ਖਿਡਾਰੀਆਂ ਨੂੰ ਆਪਣੀ ਅਕਾਦਮਿਕ ਪੜ੍ਹਾਈ, ਪ੍ਰੋਫੈਸ਼ਨਲ ਕੋਰਸਾਂ ਅਤੇ ਨੌਕਰੀਆਂ ਦੇ ਸਮੇਂ ਬਾਕੀ ਖਿਡਾਰੀਆਂ ਦੀ ਤਰ੍ਹਾਂ ਅੰਕ ਮਿਲ ਸਕਣ।

ਪੰਜਾਬ ਐਸੋਸੀਏਸ਼ਨ ਵੱਲੋਂ ਸਾਲ 2014 ਤੋਂ ਲਗਾਤਾਰ ਪੰਜ ਪੰਜਾਬ ਸਟੇਟ ਚੈਂਪੀਅਨਸ਼ਿਪਾਂ ਕਰਵਾਈਆਂ ਗਈਆਂ ਹਨ। ਸਕੂਲਾਂ, ਕਾਲਜਾਂ ਅਤੇ ਯੂਨਵਿਰਸਿਟੀਆਂ ਵਿਚ ਗਤਕੇ ਨੂੰ ਇਕ ਖੇਡ ਦੇ ਰੂਪ ਵਿਚ ਸ਼ਾਮਲ ਕਰਵਾਇਆ ਗਿਆ ਹੈ। ਗਤਕੇ ਦੇ ਰਿਫਰੈਸ਼ਰ ਕੋਰਸ ਅਤੇ ਕੈਂਪ ਲਗਾਏ ਜਾਂਦੇ ਹਨ। ਗਤਕਾ ਖੇਡ ‘ਤੇ ਡਿਪਲੋਮੇ ਸ਼ੁਰੂ ਹੋ ਚੁੱਕੇ ਹਨ। ਨਿਯਮਾਂ ਨੂੰ ਕਲਮਬੱਧ ਕਰ ਕੇ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿਚ ਗਤਕਾ ਨਿਯਮਾਂਵਲੀ ਛਾਪੀ ਜਾ ਚੁੱਕੀ ਹੈ। ਥੋੜ੍ਹਾ ਸਮਾਂ ਪਹਿਲਾਂ ਪੰਜਾਬ ਸਟੇਟ ਸਪੋਰਟਸ ਕੌਂਸਲ ਵੱਲੋਂ ਪੰਜਾਬ ਗਤਕਾ ਐਸੋਸੀਏਸ਼ਨ ਨੂੰ ਮਾਨਤਾ ਦਿੱਤੀ ਗਈ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਗੁਣਾਤਮਕ ਵਿੱਦਿਅਕ ਮੁਕਾਬਲਿਆਂ ਤਹਿਤ ਗਤਕੇ ਦੇ ਮੁਕਾਬਲੇ ਪਿਛਲੇ ਕਈ ਸਾਲਾਂ ਤੋਂ ਕਰਵਾਏ ਜਾ ਰਹੇ ਹਨ। ਹੋਰ ਵੀ ਬਹੁਤ ਸਾਰੀਆਂ ਸ਼ਖ਼ਸੀਅਤਾਂ, ਅਖਾੜਿਆਂ, ਖੇਡ ਕਲੱਬਾਂ ਵੱਲੋਂ ਗਤਕੇ ਦੇ ਪ੍ਰਸਾਰ ਲਈ ਯਤਨ ਕੀਤੇ ਜਾ ਰਹੇ ਹਨ। ਪਰ ਇਸ ਖੇਡ ਨੂੰ ਓਲੰਪਿਕ ਤਕ ਪਹੁੰਚਾਉਣ ਲਈ ਇਕ ਵੱਡੀ ਘਾਲਣਾ ਘਾਲਣ ਦੀ ਲੋੜ ਹੈ। ਸਭ ਤੋਂ ਪਹਿਲਾਂ ਤਾਂ ਗਤਕੇ ਲਈ ਕੰਮ ਕਰ ਰਹੀਆਂ ਸਾਰੀਆਂ ਸੰਸਥਾਵਾਂ ਨੂੰ ਇਕ ਮੰਚ ‘ਤੇ ਇਕੱਠੇ ਹੋਣ ਦੀ ਲੋੜ ਹੈ ਤਾਂ ਜੋ ਸਾਂਝੇ ਯਤਨਾਂ ਨਾਲ ਇਸ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ। ਗਤਕਾ ਖਿਡਾਰੀਆਂ ਨੂੰ ਇਸ ਖੇਡ ਨੂੰ ਇਕ ਪ੍ਰੋਫੈਸ਼ਨ ਵਜੋਂ ਅਪਣਾਉਣਾ ਚਾਹੀਦਾ ਹੈ।

ਖਿਡਾਰੀਆਂ ਲਈ ਲੋੜੀਂਦੇ ਸਾਮਾਨ, ਸ਼ਸਤਰ, ਵਰਦੀਆਂ, ਗਰਾਊਂਡਜ਼, ਕੋਚਾਂ, ਡਾਈਟ ਦੇ ਪ੍ਰਬੰਧ ਦਾ ਜ਼ਿੰਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ਼ ਖ਼ਾਲਸਾ ਦੀਵਾਨ, ਸਿੰਘ ਸਭਾਵਾਂ ਅਤੇ ਸਰਕਾਰਾਂ ਦੇ ਖੇਡ ਵਿੰਗ ਨੂੰ ਲੈਣਾ ਚਾਹੀਦਾ ਹੈ। ਖਿਡਾਰੀਆਂ ਦੀ ਸਿਖਲਾਈ, ਰੈਫਰੀ ਅਤੇ ਕੋਚਾਂ ਦੀ ਸਿਖਲਾਈ, ਗਤਕਾ ਨਿਯਮਾਂ ਵਿਚ ਸਮੇਂ-ਸਮੇਂ ਸੋਧ ਕਰਨੀ ਅਤੇ ਉਨ੍ਹਾਂ ਨੂੰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਲਾਗੂ ਕਰਵਾਉਣ ਦਾ ਕੰਮ ਗਤਕਾ ਫੈਡਰੇਸ਼ਨ ਆਫ ਇੰਡੀਆ ਅਤੇ ਇਸ ਨਾਲ ਜੁੜੀਆਂ ਸਟੇਟ ਐਸੋਸੀਏਸ਼ਨਾਂ ਦਾ ਹੈ।

ਸੂਬੇ ਦੀਆਂ ਸਰਕਾਰਾਂ ਅਤੇ ਕੇਂਦਰ ਦੀ ਸਰਕਾਰ ਨੂੰ ਗਤਕਾ ਖੇਡ ਦੇ ਮਾਣਮੱਤੇ ਇਤਿਹਾਸ ਨੂੰ ਚੇਤੇ ਕਰਦਿਆਂ ਇਸ ਦੀ ਪ੍ਰਫੁੱਲਤਾ ਲਈ ਹਾਂ-ਪੱਖੀ ਰਵੱਈਆ ਅਪਣਾਉਣ ਦੀ ਲੋੜ ਹੈ। ਗਤਕਾ ਖੇਡ ਇਕ ਬਹੁਤ ਸਸਤੀ ਖੇਡ ਹੈ ਜਿਸ ਨੂੰ ਹਰ ਕੋਈ ਖੇਡ ਸਕਦਾ ਹੈ। ਭਾਵ ਇਸ ਨੂੰ ਖੇਡਣ ਲਈ ਬਹੁਤ ਵੱਡੇ ਗਰਾਊਂਡ ਦੀ ਜ਼ਰੂਰਤ ਨਹੀਂ। ਗਤਕਾ ਖੇਡਣ ਲਈ ਵਰਤੀ ਜਾਂਦੀ ਸੋਟੀ ਅਤੇ ਫਰੀ ਦੀ ਕੀਮਤ ਵੀ ਬਹੁਤ ਘੱਟ ਹੈ ਅਤੇ ਇਹ ਕਿਸੇ ਵੀ ਕੱਚੀ-ਪੱਕੀ ਥਾਂ ‘ਤੇ ਖੇਡੀ ਜਾ ਸਕਦੀ ਹੈ।

ਸੋ, ਆਓ ਆਪਾਂ ਸਾਰੇ ਰਲ-ਮਿਲ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ‘ਤੇ ਸਿੱਖ ਕੌਮ ਦੀ ਮਾਰਸ਼ਲ ਖੇਡ ਗਤਕਾ ਨੂੰ ਉਸ ਦਾ ਬਣਦਾ ਮਾਣ-ਸਤਿਕਾਰ ਦਿਵਾਉਣ ਲਈ ਉਪਰਾਲੇ ਕਰੀਏ ਅਤੇ ਇਸ ਮਹਾਨ ਕਾਰਜ ਵਿਚ ਆਪਣਾ ਬਣਦਾ ਯੋਗਦਾਨ ਪਾਈਏ। ਸਾਰਿਆਂ ਦੇ ਸੁਹਿਰਦ ਯਤਨਾਂ ਸਦਕਾ ਹੀ ਇਸ ਖੇਡ ਨੂੰ ਓਲੰਪਿਕ ਤਕ ਪਹੁੰਚਾਇਆ ਜਾ ਸਕਦਾ ਹੈ। -(ਜਨਰਲ ਸਕੱਤਰ, ਗੱਤਕਾ ਫੈੱਡਰੇਸ਼ਨ ਆਫ ਇੰਡੀਆ)। -ਮੋਬਾਈਲ ਨੰ. : 93176-35584

ਅੱਜ ਟਕਰਾਏਗਾ ਜਪਾਨ ਦੇ ਤੱਟ ਨਾਲ ਹੇਗਿਬਿਸ, ਹੋ ਸਕਦੀ 31 ਇੰਚ ਬਾਰਿਸ਼

ਜਾਪਾਨ ਦੇ ਤਟ ਨਾਲ ਸ਼ਨਿਚਰਵਾਰ ਨੂੰ ਤਾਕਤਵਰ ਚੱਕਰਵਾਤ ਹੇਗਿਬਿਸ ਦੇ ਟਕਰਾਉਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਤੂਫ਼ਾਨ ਦੀ ਵਜ੍ਹਾ ਨਾਲ 31 ਇੰਚ ਤਕ ਬਾਰਿਸ਼ ਹੋ ਸਕਦੀ ਹੈ। ਇਸ ਸ਼ੰਕਾ ਕਾਰਨ ਸ਼ਨਿਚਰਵਾਰ ਨੂੰ ਹੋਣ ਵਾਲੇ ਰਗਬੀ ਵਿਸ਼ਵ ਕੱਪ ਦੇ ਮੈਚ ਰੱਦ ਕਰ ਦਿੱਤੇ ਗਏ ਹਨ। ਹਵਾਈ ਤੇ ਰੇਲ ਸੇਵਾਵਾਂ ਵੀ ਰੋਕ ਦਿੱਤੀਆਂ ਗਈਆਂ ਹਨ। ਰਾਜਧਾਨੀ ਟੋਕੀਓ ਸਮੇਤ ਜਾਪਾਨ ਦੇ ਕਈ ਇਲਾਕਿਆਂ ‘ਚ ਤੂਫ਼ਾਨ ਦਾ ਜ਼ਿਆਦਾ ਅਸਰ ਪੈਣ ਦੀ ਗੱਲ ਕਹੀ ਜਾ ਰਹੀ ਹੈ।

ਦੇਸ਼ ਦੀ ਸ਼ਿੰਜੋ ਅਬੇ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੂਫ਼ਾਨ ਦੇ ਭਿਆਨਕ ਰੂਪ ਧਾਰਨ ਤੋਂ ਪਹਿਲਾਂ ਜ਼ਰੂਰੀ ਸਾਮਾਨ ਇਕੱਠਾ ਕਰ ਲੈਣ। ਨਾਗਰਿਕਾਂ ਨੂੰ ਜ਼ੋਖ਼ਿਮ ਵਾਲੇ ਇਲਾਕਿਆਂ ਤੋਂ ਨਿਕਲ ਜਾਣ ਲਈ ਕਿਹਾ ਗਿਆ ਹੈ। ਮੌਸਮ ਵਿਭਾਗ ਮੁਤਾਬਕ, ਹੇਗਿਬਿਸ ਟੋਕੀਓ ‘ਚ 1958 ‘ਚ ਆਏ ਭਿਆਨਕ ਤੂਫ਼ਾਨ ਜਿਹਾ ਹੋ ਸਕਦਾ ਹੈ। ਉਸ ਤੂਫ਼ਾਨ ਨਾਲ 1200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

ਜੇਕਰ ਤੁਸੀਂ ਵੀ ਸਰਵਾਈਕਲ ਤੇ ਗਰਦਰਨ ਦੀ ਦਰਦ ਤੋਂ ਚਾਹੁੰਦੇ ਹੋ ਛੁਟਕਾਰਾ ਤਾਂ ਰੱਖੋ ਇਹਨਾਂ ਗੱਲਾਂ ਦਾ ਧਿਆਨ

ਗਰਦਨ ‘ਚ ਦਰਦ ਇਕ ਆਮ ਸਮੱਸਿਆ ਹੈ ਜੋ ਕਈ ਵਾਰ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ। ਗ਼ਲਤ ਸਾਈਡ ਸੌਣ, ਦੇਰ ਤਕ ਇੱਕੋ ਪੁਜ਼ੀਸ਼ਨ ‘ਚ ਬੈਠਣ, ਟੇਢੇ-ਮੇਢੇ ਲੰਮੇ ਪੈਣ ਜਾਂ ਨੱਸ ਚੜ੍ਹ ਜਾਣ ਕਾਰਨ ਗਰਦਨ ‘ਚ ਦਰਦ ਹੁੰਦੀ ਹੈ। ਕਈ ਵਾਰ ਮਾਸਪੇਸ਼ੀਆਂ ‘ਚ ਖਿਚਾਅ ਕਾਰਨ ਜਾਂ ਲਿਗਾਮੈਂਟਸ ‘ਤੇ ਜ਼ੋਰ ਪੈਣ ਕਾਰਨ ਵੀ ਇਹ ਸਮੱਸਿਆ ਸਾਹਮਣੇ ਆਉਂਦੀ ਹੈ। ਆਮ ਤੌਰ ‘ਤੇ ਗਰਦਨ ‘ਚ ਹੋਣ ਵਾਲੀ ਦਰਦ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਬਣਦੀ ਹੈ ਕਿਉਂਕਿ ਇਸ ਦਾ ਅਸਰ ਤੁਹਾਡੇ ਰੂਟੀਨ ਦੇ ਕੰਮਾਂ ‘ਤੇ ਵੀ ਪੈਂਦਾ ਹੈ। ਕਈ ਵਾਰ ਤਾਂ ਸਿਰ ਘੁੰਮਾਉਣ ਤੇ ਗੱਲ ਕਰਨ ‘ਚ ਵੀ ਪਰੇਸ਼ਾਨੀ ਹੁੰਦੀ ਹੈ।

ਜੇਕਰ ਤੁਹਾਨੂੰ ਵੀ ਅਕਸਰ ਜਾਂ ਕਦੀ-ਕਦਾਈਂ ਇਹ ਸਮੱਸਿਆ ਆਉਂਦੀ ਹੈ ਤਾਂ ਇਹ ਤਰੀਕੇ ਅਪਣਾਉਣ ਨਾਲ ਤੁਹਾਨੂੰ ਇਸ ਤੋਂ ਛੁਟਕਾਰਾ ਮਿਲ ਜਾਵੇਗਾ। ਪੜ੍ਹੋ ਗਰਦਨ ਦਰਦ ਦੂਰ ਕਰਨ ਦੇ ਘਰੇਲੂ ਉਪਾਅ… ਦਰਦ ਦੀ ਵਜ੍ਹਾ ਪੜ੍ਹਨ ਵੇਲੇ, ਟੀਵੀ ਦੇਖਣ, ਫੋਨ ‘ਤੇ ਗੱਲਬਾਤ ਕਰਨ ਵੇਲੇ ਜਾਂ ਕੰਮ ਕਰਦੇ ਸਮੇਂ ਜਦੋਂ ਗਰਦਨ ਗਲ਼ਤ ਦਿਸ਼ਾ ‘ਚ ਰੱਖਦੇ ਹਾਂ ਤਾਂ ਦਰਦ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜਦੋਂ ਅਸੀਂ ਕੋਈ ਅਜਿਹੇ ਸਿਰਹਾਣੇ ਦਾ ਇਸਤੇਮਾਲ ਕਰਦੇ ਹਾਂ ਜਿਹੜਾ ਬਹੁਤ ਜ਼ਿਆਦਾ ਉੱਚਾ ਜਾਂ ਨੀਵਾਂ ਹੁੰਦਾ ਹੈ ਤਾਂ ਵੀ ਇਹ ਸਮੱਸਿਆ ਆਉਂਦੀ ਹੈ। ਪੇਟ ਦੇ ਭਾਰ ਸੌਂਦੇ ਸਮੇਂ ਗਰਦਨ ਗ਼ਲਤ ਤਰੀਕੇ ਨਾਲ ਮੋੜਨ ਕਾਰਨ ਵੀ ਦਰਦ ਹੋ ਸਕਦੀ ਹੈ। ਤਣਾਅ ਵੀ ਗਰਦਨ ਦਰਦ ਦਾ ਇਕ ਕਾਰਨ ਹੋ ਸਕਦਾ ਹੈ।

ਦਰਦ ਦਾ ਹੱਲ ਗਰਦਨ ਦਰਦ ਦੇ ਹੱਲ ਦੇ ਬਹੁਤ ਤਰੀਕੇ ਹਨ ਜਿਵੇਂ ਆਈਸ ਪੈਕ ਲਾਉਣਾ, ਮਸਾਜ ਕਰਨੀ ਪਰ ਇਸ ਤਰ੍ਹਾਂ ਦੇ ਦਰਦ ਤੋਂ ਬਚਣ ਦਾ ਸਭ ਤੋਂ ਸੌਖਾ ਤਰੀਕਾ ਹੈ ਬਚਾਅ ਕਰਨਾ। ਇਸ ਲਈ ਘਰ ਤੇ ਆਫਿਸ ‘ਚ ਸਹੀ ਪੋਸਚਰ ਬਣਾਈ ਰੱਖੋ। ਆਪਣੀ ਕੁਰਸੀ ‘ਤੇ ਸਿੱਧੇ ਬੈਠੋ ਤੇ ਲੋਅਰ ਬੈਕ ਨੂੰ ਸਪਰੋਟ ਦਿਉ। ਪੈਰਾਂ ਨੂੰ ਜ਼ਮੀਨ ‘ਤੇ ਰੱਖੋ ਤੇ ਮੋਢਿਆਂ ਨੂੰ ਆਰਾਮ ਦਿਉ। ਜ਼ਿਆਦਾ ਸਮੇਂ ਤਕ ਇੱਕੋ ਪੁਜ਼ੀਸ਼ਨ ‘ਚ ਨਾ ਬੈਠੋ। ਗਰਦਨ ਦੀਆਂ ਮਾਸਪੇਸ਼ੀਆਂ ਨੂੰ ਅਰਾਮ ਦੇਣ ਲਈ ਛੋਟੀ-ਮੋਟੀ ਬ੍ਰੇਕ ਲੈਂਦੇ ਰਹੋ।

ਕੰਪਿਊਟਰ ‘ਤੇ ਕੰਮ ਕਰਨ ਵਾਲੇ ਆਪਣਾ ਵਰਕ ਸਟੇਸ਼ਨ ਠੀਕ ਰੱਖੋ। ਕੰਪਿਊਟਰ ਨੂੰ ਇਸ ਤਰ੍ਹਾਂ ਰੱਖੋ ਕਿ ਮੌਨੀਟਰ ਦਾ ਟੌਪ ਅੱਖਾਂ ਦੀ ਸੇਧ ‘ਚ ਆਵੇ। ਅਜਿਹੇ ਡਾਕਿਊਮੈਂਟ ਹੋਲਡਰ ਦਾ ਇਸਤੇਮਾਲ ਕਰੋ ਜਿਸ ਨੂੰ ਤੁਸੀਂ ਸਕ੍ਰੀਨ ਦੀ ਸੇਧ ‘ਚ ਰੱਖ ਸਕੋ ਟੈਲੀਫੋਨ ਦੀ ਜਗ੍ਹਾ ਹੈੱਡ ਜਾਂ ਸਪੀਕਰ ਫੋਨ ਦਾ ਇਸਤੇਮਾਲ ਕਰੋ। ਫੋਨ ਨੂੰ ਮੋਢੇ ‘ਤੇ ਰੱਖ ਕੇ ਗੱਲ ਕਰਨ ਦੀ ਜ਼ਹਿਮਤ ਨਾ ਉਠਾਓ। ਆਪਣੀ ਕਾਰ ਦੀ ਸੀਟ ਨੂੰ ਅਪਰਾਈਟ ਪੁਜ਼ੀਸ਼ਨ ‘ਚ ਰੱਖੋ। ਸਟਿਅਰਿੰਗ ਵ੍ਹੀਲ ਤਕ ਪਹੁੰਚਣ ‘ਚ ਜ਼ਿਆਦਾ ਤਕਲੀਫ਼ ਨਾ ਉਠਾਓ ਤੇ ਆਪਣੇ ਹੱਥਾਂ ਨੂੰ ਅਰਾਮਦਾਇਕ ਪੁਜ਼ੀਸ਼ਨ ‘ਚ ਰੱਖੋ।
ਸਹੀ ਸਿਰਹਾਣੇ ਦਾ ਇਸਤੇਮਾਲ ਕਰੋ।

ਅਜਿਹੇ ਸਿਰਹਾਣੇ ਦਾ ਇਸਤੇਮਾਲ ਕਰੋ ਜਿਹੜਾ ਨਾ ਬਹੁਤ ਜ਼ਿਆਦਾ ਸਿੱਧਾ, ਨਾ ਬਹੁਤ ਜ਼ਿਆਦਾ ਫਲੈਟ ਹੋਵੋ ਤੇ ਸੌਂਦੇ ਸਮੇਂ ਗਰਦਨ ਟੇਢੀ ਨਾ ਰੱਖੋ। ਬੈੱਡ ‘ਤੇ ਪੜ੍ਹਦੇ ਸਮੇਂ ਪੋਸਚਰ ਸਹੀ ਰੱਖੋ। ਕਿਤਾਬ ਨੂੰ ਕਿਸੇ ਮਿੱਥੀ ਜਗ੍ਹਾ ਹੀ ਰੱਖੋ ਤਾਂ ਜੋ ਕਿਤਾਬ ਹੱਥ ‘ਚ ਫੜ ਕੇ ਗਰਦਨ ਨਾ ਟੇਢੀ ਕਰਨੀ ਪਵੇ। ਆਪਣੇ ਹੱਥਾਂ ਨੂੰ ਅਰਾਮ ਦੇਣ ਲਈ ਵੈੱਜਸ਼ੇਪ ਦੇ ਸਿਰਹਾਣੇ ਦਾ ਇਸਤੇਮਾਲ ਕਰੋ ਤੇ ਗਰਦਨ ਨਿਉਟ੍ਰਲ ਪੁਜ਼ੀਸ਼ਨ ‘ਚ ਰੱਖੋ। ਪ੍ਰਾਪਰ ਲਿਫਟਿੰਗ ਤਕਨੀਕ।
ਗਰਦਨ ਦੇ ਦਰਦ ਤੋਂ ਬਚਣ ਲਈ ਲੱਕ ਦੀ ਥਾਂ ਪੈਰਾਂ ਦੇ ਬਾਰ ਜ਼ਿਆਦਾ ਕੰਮ ਕਰੋ। ਅਜਿਹੇ ਦਰਦ ਤੋਂ ਬਚਣ ਲਈ ਮਾਹਿਰ ਵਧੀਆ ਖਾਣ-ਪੀਣ ਦੀ ਵੀ ਸਲਾਹ ਦਿੰਦੇ ਹਨ।

ਕੰਮ ਵੇਲੇ ਤਣਾਅ, ਚਿੰਤਾ ਤੋਂ ਦੂਰ ਰਹੋ ਤੇ ਮਾਸਪੇਸ਼ੀਆਂ ਦੀ ਕਸਰਤ ਕਰਨ ਨਾਲ ਵੀ ਗਰਦਨ ਦੇ ਦਰਦ ਤੋਂ ਛੁਟਕਾਰਾ ਮਿਲ ਸਕਦਾ ਹੈ। ਸਿਗਰਟਨੋਸ਼ੀ ਕਰਨ ਨਾਲ ਖ਼ੂਨ ਦੇ ਸੰਚਾਰ ਦੀ ਗਤੀ ਘਟਣ ਨਾਲ ਟਿਸ਼ੂ ਰਿਪੇਅਰ ‘ਚ ਵੀ ਸਮਾਂ ਲਗਦਾ ਹੈ। ਕਦੀ-ਕਦਾਈਂ ਗਰਦਨ ‘ਚ ਕਿਸੇ ਤਰ੍ਹਾਂ ਦੇ ਇਨਫੈਕਸ਼ਨ ਜਾਂ ਯੁਮੈਟਾਇਡ ਆਰਥਰਾਈਟਸ ਨਾਲ ਵੀ ਗਰਦਨ ਦਰਦ ਹੋ ਸਕਦੀ ਹੈ। ਅਜਿਹੇ ਵਿਚ ਵਧੀਆ ਥੈਰੇਪੀ ਲਈ ਡਾਕਟਰ ਨਾਲ ਰਾਬਤਾ ਕਰੋ। ਜ਼ਿਆਦਾਤਰ ਲੋਕਾਂ ‘ਚ ਗਰਦਨ ਦਰਦ ਗ਼ਲਤ ਪੋਸਚਰ ਜਾਂ ਹੈਕਟਿਕ ਜੀਵਨ-ਸ਼ੈਲੀ ਨੂੰ ਦਰਸਾਉਂਦਾ ਹੈ, ਇਸ ਲਈ ਗਰਦਨ ਦਰਦ ਤੋਂ ਬਚਣਾ ਹੀ ਇਸ ਸਮੱਸਿਆ ਦਾ ਹੱਲ ਹੈ।

ਨੋਕੀਆ ਨੇ ਲਾਂਚ ਕੀਤਾ ਭਾਰਤ ਵਿਚ ਆਪਣਾ 6.2, ਦੇਖੋ ਕੀ ਹੈ ਕੀਮਤ ਤੇ ਫੀਚਰ

HMD ਗਲੋਬਲ ਨੇ ਤਿਉਹਾਰਾਂ ਤੋਂ ਪਹਿਲਾਂ ਭਾਰਤੀ ਬਾਜ਼ਾਰ ‘ਚ ਆਪਣੇ Nokia 6.2 ਨੂੰ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਐਮਾਜ਼ੋਨ ਇੰਡੀਆ ਦੇ ਮੋਬਾਈਲ ਫੋਨ ਪੇਜ ‘ਤੇ ਲਿਸਟ ਹੋ ਚੁੱਕਾ ਹੈ ਤੇ ਇਸ ਦੀਵਾਲੀ ਵਿਕਰੀ ਲਈ ਉਪਲੱਬਧ ਵੀ ਹੋਵੇਗਾ। 13 ਅਕਤੂਬਰ ਤੋਂ ਸ਼ੁਰੂ ਹੋ ਰਹੀ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਤੋਂ ਪਹਿਲਾਂ ਵੀ ਇਸ ਨੂੰ ਖਰੀਦ ਸਕਦੇ ਹੋ। Nokia 6.2 ਟ੍ਰਿਪਲ ਕੈਮਰਾ ਸੈਟਅਪ ਨਾਲ ਪੇਸ਼ ਹੋਇਆ ਹੈ ਤੇ ਇਸ ਦੀ ਸ਼ੁਰੂਆਤੀ ਕੀਮਤ 15,999 ਰੁਪਏ ਰੱਖੀ ਗਈ ਹੈ। ਫਿਲਹਾਲ ਲਿਸਟਿੰਗ ਪੇਜ ‘ਤੇ ਇਸ ਦਾ ਸਿਰਫ਼ ਇਕ ਹੀ ਮੈਮਰੀ ਵੇਰੀਐਂਟ ਤੇ ਕਲਰ ਆਪਸ਼ਨ ਨਜ਼ਰ ਆ ਰਹੇ ਹਨ।

ਹਾਲਾਂਕਿ ਉਮੀਦ ਕੀਤੀ ਜਾ ਸਕਦੀ ਹੈ ਕਿ ਸੇਲ ਤੋਂ ਪਹਿਲਾਂ ਇਸ ਦੇ ਹੋਰ ਵੇਰੀਐਂਟ ਵੀ ਨਜ਼ਰ ਆਉਣ। ਐਮਾਜ਼ੋਨ ਦੇ ਪੇਜ ‘ਤੇ ਨਜ਼ਰ ਆ ਰਹੇ Nokia 6.2 ਨੂੰ ਤੁਸੀਂ ਐਕਸਚੇਂਜ ਆਫਰ ਤਹਿਤ ਵੀ ਖਰੀਦ ਸਕਦੇ ਹੋ ਤੇ ਇਸ ਵਿਚ ਤੁਹਾਨੂੰ 10,100 ਰੁਪਏ ਤਕ ਦਾ ਐਕਸਚੇਂਜ ਬੈਨੀਫਿਟ ਆਫਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਐੱਚਡੀਐੱਫਸੀ ਕਾਰਡ ਰਾਹੀਂ ਪੇਮੈਂਟ ਕਰਨ ‘ਤੇ 10 ਫ਼ੀਸਦੀ ਕੈਸ਼ਬੈਕ ਤੇ ਨੋ ਕੋਸਟ ਈਐੱਮਆਈ ਦਾ ਵੀ ਫਾਇਦਾ ਮਿਲੇਗਾ। ਇਹ ਹਨ ਸਪੈਸੀਫਿਕੇਸ਼ਨਜ਼

ਜਿੱਥੋਂ ਤਕ Nokia 6.2 ਦੀਆਂ ਸਪੈਸੀਫਿਕੇਸ਼ਨਜ਼ ਦੀ ਗੱਲ ਹੈ ਤਾਂ ਇਹ ਕਾਫ਼ੀ ਕੁਝ ਹਾਲ ਹੀ ‘ਚ ਲਾਂਚ ਹੋਏ Nokia 6.2 ਦੀ ਤਰ੍ਹਾਂ ਹੈ। ਇਸ ਵਿਚ 2.5D ਗੋਰਿੱਲਾ ਗਲਾਸ 3 ਦਾ ਪ੍ਰੋਟੈਕਸ਼ਨ ਦਿੱਤਾ ਗਿਆ ਹੈ ਉੱਥੇ ਹੀ ਇਸ ਦੇ ਬੈਕ ‘ਚ ਪੌਲੀਮਰ ਕੰਪੋਜ਼ਿਟ ਫਰੇਮ ਦਿੱਤਾ ਗਿਆ ਹੈ। ਇਸ ਦਾ ਰੀਅਰ ਪੈਨਲ ਫਿੰਗਰਪ੍ਰਿੰਟ ਸੈਂਸਰ ਤੇ ਸਰਕੂਲਰ ਟ੍ਰਿਪਲ ਕੈਮਰਾ ਸੈਟਅਪ ਨਾਲ ਆ ਰਿਹਾ ਹੈ। ਇਸ ਵਿਚ 16 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ ਉੱਥੇ ਹੀ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈਨਜ਼ ਦਿੱਤਾ ਗਿਆ ਹੈ।

ਨਾਲ ਹੀ 5 ਮੈਗਾਪਿਕਸਲ ਦਾ ਡੈਪਥ ਸੈਂਸਰ ਵੀ ਮਿਲਦਾ ਹੈ। ਫਰੰਟ ਦੀ ਗੱਲ ਕਰੀਏ ਤਾਂ ਇਸ ਵਿਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ 6.3-inch FHD + waterdrop PureDisplay ਨਾਲ ਆਉਂਦਾ ਹੈ ਤੇ ਇਸ ਵਿਚ Qualcomm Sanpdragon 636 ਪ੍ਰੋਫੈਸਰ ਦਿੱਤਾ ਗਿਆ ਹੈ। 4 ਜੀਬੀ ਦੀ ਰੈਮ ਤੇ 64 ਜੀਬੀ ਦਾ ਮੈਮਰੀ ਵੇਰੀਐਂਟ ਫਿਲਹਾਲ ਉਪਲੱਬਧ ਹੈ। ਫੋਨ ‘ਚ 3500 mAh ਦੀ ਬੈਟਰੀ ਦਿੱਤੀ ਗਈ ਹੈ ਤੇ ਇਹ ਐਂਡਰਾਇਡ 9 ਪਾਈ ‘ਤੇ ਚੱਲੇਗਾ।