ਮੁੱਖ ਮੰਤਰੀ ਦੇ ਜ਼ਿਲ੍ਹੇ ਵਿਚ ਪਿੰਡ ਰਵਾਸ ਬ੍ਰਾਹਮਣਾ ਵਿਖੇ ਸਰਕਾਰੀ ਸਕੂਲ ਕਿਰਾਏ ਦੀ ਇਮਾਰਤ ਵਿਚ ਚੱਲ ਰਿਹਾ ਹੈ। ਬੱਚਿਆਂ ਨੂੰ ਪੜ੍ਹਾਉਣ ਲਈ ਛੱਤ ਮੁਹੱਈਆ ਕਰਵਾਉਣ ਲਈ ਇਮਾਰਤ ਦਾ ਕਿਰਾਇਆ ਵੀ ਅਧਿਆਪਕਾਂ ਤੇ ਪਿੰਡ ਦੇ ਨੌਜਵਾਨਾਂ ਵੱਲੋਂ ਆਪਣੀ ਜੇਬ ‘ਚੋਂ ਦਿੱਤਾ ਜਾ ਰਿਹਾ ਹੈ। ਸੋਮਵਾਰ ਨੂੰ ਅਧਿਆਪਕਾਂ ਦੇ ਸਨਮਾਨ ਸਮਾਗਮ ਵਿਚ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਤੇ ਸਿੱਖਿਆ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਪੁੱਜੇ ਹੋਏ ਸਨ। ਪਤਾ ਲੱਗਦਿਆਂ ਪਿੰਡ ਰਵਾਸ ਬ੍ਰਾਹਮਣਾ ਦਾ ਸਮਾਜ ਸੇਵੀ ਨੌਜਵਾਨ ਰਾਜੀਵ ਕੁਮਾਰ ਪਿੰਡ ਦੇ ਬੱਚਿਆਂ ਦੇ ਭਵਿੱਖ ਦੀ ਗੁਹਾਰ ਲੈ ਕੇ ਸਿੱਖਿਆ ਮੰਤਰੀ ਕੋਲ ਪੁੱਜ ਗਿਆ।

ਸੁਰੱਖਿਆ ਦਸਤਿਆਂ ਦੇ ਅੜਿੱਕਿਆਂ ਨੂੰ ਪਾਰ ਕਰਦਿਆਂ ਨੌਜਵਾਨ ਕਿਵੇਂ ਨਾ ਕਿਵੇਂ ਲੋਕ ਸਭਾ ਮੈਂਬਰ ਪਰਨੀਤ ਕੌਰ ਕੋਲ ਪਹੁੰਚ ਗਿਆ। ਰਾਜੀਵ ਕੁਮਾਰ ਨੇ ਜੇਬ ਵਿਚੋਂ ਪੱਤਰ ਕੱਢ ਕੇ ਪਰਨੀਤ ਕੌਰ ਨੂੰ ਸੌਂਪਿਆ, ਜਿਸਨੂੰ ਪੜ੍ਹਦਿਆਂ ਹੀ ਪਰਨੀਤ ਕੌਰ ਨੇ ਕੋਲ ਖੜੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਪੱਤਰ ਸੌਂਪਦਿਆਂ ਫੌਰੀ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਦੱਸਣਯੋਗ ਹੈ ਕਿ ਪਿੰਡ ਰਵਾਸ ਬ੍ਰਾਹਮਣਾਂ ਦੇ ਸਰਕਾਰੀ ਸਕੂਲ ਦੀ ਇਮਾਰਤ ਨੂੰ 6 ਮਹੀਨੇ ਪਹਿਲਾਂ ਅਸੁਰੱਖਿਅਤ ਐਲਾਨ ਕੇ ਖਾਲੀ ਕਰਵਾ ਦਿੱਤਾ ਗਿਆ ਪਰ

ਵਿਭਾਗ ਵੱਲੋਂ ਕੋਈ ਵਿੱਤੀ ਸਹਾਇਤਾ ਨਾ ਮਿਲਣ ਕਾਰਨ ਨੌਜਵਾਨਾਂ ਤੇ ਪੰਚਾਇਤ ਵੱਲੋਂ ਆਪਣੇ ਖ਼ਰਚ ‘ਤੇ ਬੱਚਿਆਂ ਦੇ ਭਵਿੱਖ ਨੂੰ ਦੇਖਦਿਆਂ ਹੋਇਆ ਦੂਜੀ ਇਮਾਰਤ ਵਿਚ ਸ਼ਿਫ਼ਟ ਕਰਕੇ ਸਕੂਲ ਨੂੰ ਚਲਾਇਆ ਜਾ ਰਿਹਾ ਹੈ। ਇਸ ਸਬੰਧੀ ਕਈ ਵਾਰ ਪਿੰਡ ਵਾਸੀਆਂ ਤੇ ਪੰਚਾਇਤ ਵੱਲੋਂ ਡੀਈਓ ਨੂੰ ਸਕੂਲ ਦੀ ਇਮਾਰਤ ਦੇ ਨਵੀਨੀਕਰਨ ਲਈ ਪੱਤਰ ਵੀ ਦਿੱਤਾ ਜਾ ਚੁੱਕਾ ਹੈ ਪਰ ਹਾਲੇ ਤੱਕ ਸਕੂਲ ਦੀ ਇਮਾਰਤ ਦਾ ਕੋਈ ਵੀ ਹੱਲ ਨਹੀਂ ਹੋਇਆ। ਸਕੂਲ ਤਾਂ ਪਿੰਡ ਦੇ ਨੌਜਵਾਨਾਂ ਅਤੇ ਪੰਚਾਇਤ ਦੇ ਸੁਯੋਗ ਯਤਨਾਂ ਸਦਕਾ ਭਾਵੇਂ ਕਿਵੇਂ ਨਾ ਕਿਵੇਂ ਚੱਲ ਰਿਹਾ ਹੈ

ਪਰ ਸਰਕਾਰ ਵੱਲੋਂ ਲੰਮੇਂ ਸਮੇਂ ਤੋਂ ਮਦਦ ਨਾ ਮਿਲਣ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਕੂਲ ਦੀ ਅਸੁਰੱਖਿਅਤ ਇਮਾਰਤ ਵਿਚ ਰਸੋਈ ਤੋਂ ਇਲਾਵਾ ਚਾਰ ਕਮਰੇ ਸਨ, ਜਿਸ ਵਿਚ ਤਿੰਨ ਅਧਿਆਪਕਾਂ ਵੱਲੋਂ 73 ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਸੀ। ਜੋ ਇਮਾਰਤ ਕਿਰਾਏ ‘ਤੇ ਲਈ ਹੋਈ ਹੈ ਉਸ ਵਿਚ ਹੇਠਾਂ ਇਕ ਪਰਿਵਾਰ ਰਹਿ ਰਿਹਾ ਹੈ ਜਦੋਂਕਿ ਪਹਿਲੀ ਮੰਜ਼ਿਲ ਤੇ ਬੱਚਿਆਂ ਲਈ ਸਕੂਲ ਦੀ ਇਮਾਰਤ ਕਿਰਾਏ ‘ਤੇ ਲਈ ਹੋਈ ਹੈ।

Leave a comment

Your email address will not be published. Required fields are marked *