ਅਮਰੀਕਾ ਦਾ ਸੁਫਨਾ ਪੰਜਾਬੀਆਂ ਲਈ ਔਖਾ ਹੋਇਆ

ਪੰਜਾਬੀਆਂ ਲਈ ਹੁਣ ਅਮਰੀਕਾ ਦਾ ਪੈਂਡਾ ਔਖਾ ਹੋ ਗਿਆ ਹੈ। ਰਾਸ਼ਟਰਪਤੀ ਡੌਨਾਲਡ ਟਰੰਪ ਦੀ ਸਖਤੀ ਤੋਂ ਬਾਅਦ ਗੈਰ ਕਾਨੂੰਨੀ ਤਰੀਕੇ ਨਾਲ ਵੀ ਅਮਰੀਕਾ ਜਾਣ ਦੇ ਰਾਹ ਬੰਦ ਹੁੰਦੇ ਜਾ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਅਮਰੀਕੀ ਦਬਾਅ ਹੇਠ ਮੈਕਸਿਕੋ ਤੋਂ 311 ਭਾਰਤੀਆਂ ਨੂੰ ਵਾਪਸ ਭੇਜਣਾ ਹੈ। ਦਰਅਸਲ ਗੈਰਕਾਨੂੰਨੀ ਪਰਵਾਸੀ ਮੈਕਸਿਕੋ ਸਰਹੱਦ ਨਾਲ ਕੰਧ ਟੱਪ ਕੇ ਅਮਰੀਕਾ ਵਿੱਚ ਦਾਖਲ ਹੁੰਦੇ ਹਨ ਪਰ ਟਰੰਪ ਨੇ ਮੈਕਸਿਕੋ ਸਰਹੱਦ ਨੂੰ ਸੀਲ ਕਰ ਦਿੱਤਾ ਹੈ। ਹਾਸਲ ਜਾਣਕਾਰੀ ਮੁਤਾਬਕ ਅਮਰੀਕਾ ’ਚ ਦਾਖਲ ਹੋਣ ਲਈ ਟਰੈਵਲ ਏਜੰਟਾਂ ਵੱਲੋਂ ਪੰਜ ਅਜਿਹੇ ਰੂਟ ਤਿਆਰ ਕੀਤੇ ਗਏ ਹਨ

ਜਿਨ੍ਹਾਂ ਵਿੱਚ ਜਾਨ ਦਾ ਖਤਰਾ ਹਮੇਸ਼ਾਂ ਹੀ ਬਣਿਆ ਰਹਿੰਦਾ ਹੈ। ਇਨ੍ਹਾਂ ਵਿੱਚ ਸਭ ਤੋਂ ਵੱਧ ਖਤਰਨਾਕ ਰਸਤਾ ਬਹਾਮਾਸ ਦਾ ਦੱਸਿਆ ਜਾਂਦਾ ਹੈ। ਇਸ ਸਮੁੰਦਰੀ ਰਸਤੇ ਰਾਹੀਂ ਅਮਰੀਕਾ ਜਾਣ ਵਾਲੇ ਬਹੁਤ ਸਾਰੇ ਪੰਜਾਬੀ ਮੁੰਡੇ ਸਮੁੰਦਰ ਦੀਆਂ ਲਹਿਰਾਂ ਵਿੱਚ ਹੀ ਡੁੱਬ ਜਾਂਦੇ ਹਨ। ਦੋ ਸਾਲ ਪਹਿਲਾਂ ਇਸੇ ਰਸਤੇ ਰਾਹੀਂ ਅਮਰੀਕਾ ਜਾ ਰਹੀ ਬੇੜੀ ਵਿੱਚੋਂ ਛੇ ਪੰਜਾਬੀ ਮੁੰਡੇ ਡੁੱਬ ਗਏ ਸਨ, ਇਨ੍ਹਾਂ ਦਾ ਅਜੇ ਤੱਕ ਕੋਈ ਥਹੁ-ਪਤਾ ਨਹੀਂ ਲੱਗਾ।

ਬਹਾਮਾਸ ਰਾਹੀਂ ਅਮਰੀਕਾ ਜਾਣ ਵਾਲੇ ਮੁੰਡਿਆਂ ਨੂੰ ਟਰੈਵਲ ਏਜੰਟ ਸਭ ਤੋਂ ਪਹਿਲਾਂ ਦਿੱਲੀ ਤੋਂ ਫਲਾਈਟ ਰਾਹੀਂ ਉੱਥੇ ਭੇਜਦੇ ਹਨ। 27 ਘੰਟਿਆਂ ਦੀ ਲੰਬੀ ਫਲਾਈਟ ਤੋਂ ਬਾਅਦ ਅਮਰੀਕਾ ’ਚ ਦਾਖਲ ਹੋਣ ਲਈ ਦੋ ਸਮੁੰਦਰੀ ਰਸਤਿਆਂ ਰਾਹੀਂ ਟਰੈਵਲ ਏਜੰਟ ਬੇੜੀਆਂ ਤੇ ਛੋਟੇ ਸਮੁੰਦਰੀ ਜਹਾਜ਼ਾਂ ਰਾਹੀਂ ਲੈ ਕੇ ਜਾਂਦੇ ਹਨ। ਇਨ੍ਹਾਂ ਦੋਵੇਂ ਸਮੁੰਦਰੀ ਰਸਤਿਆਂ ’ਚ ਇੱਕ ਰਾਹ ਮਿਆਮੀ ਤੇ ਦੂਜਾ ਨਾਸੋ ਦਾ ਹੈ।

ਦੂਜਾ ਰਸਤਾ ਅਰਜਨਟੀਨਾ ਤੇ ਐਕਵਾਡੋਰ ਰਾਹੀਂ ਜਾਂਦਾ ਹੈ। ਇਟਲੀ ਰਾਹੀਂ ਅਮਰੀਕਾ ਭੇਜਣ ਲਈ ਵੀ ਟਰੈਵਲ ਏਜੰਟ ਇਹ ਰਸਤਾ ਵਰਤ ਰਹੇ ਹਨ। ਹਾਲਾਂਕਿ ਇਹ ਰੂਟ ਕਾਫੀ ਮਹਿੰਗਾ ਦੱਸਿਆ ਜਾਂਦਾ ਹੈ। ਟਰੈਵਲ ਏਜੰਟ ਇਟਲੀ ਦਾ ਵੀਜ਼ਾ ਲੈ ਕੇ ਦਿੰਦੇ ਹਨ। ਅਮਰੀਕਾ ਜਾਣ ਦੇ ਚਾਹਵਾਨਾਂ ਨੂੰ ਇਟਲੀ ਦੇ ਮਿਲਾਨ ਸ਼ਹਿਰ ਦੇ ਨੇੜਲੇ ਕਿਸੇ ਛੋਟੇ ਕਸਬੇ ਵਿੱਚ ਰੱਖਿਆ ਜਾਂਦਾ ਹੈ।

ਉਥੋਂ ਸਿੱਧੀ ਫਲਾਈਟ ਮੈਕਸੀਕੋ ਦੀ ਕਰਾਈ ਜਾਂਦੀ ਹੈ। ਮੈਕਸੀਕੋ ਤੋਂ ਅਮਰੀਕਾ ਦੇ ਸਾਂਡਿਆਗੋ ਵਿੱਚ ਕੰਧ ਟਪਾ ਕੇ ਦਾਖਲਾ ਕਰਾਇਆ ਜਾਂਦਾ ਹੈ। ਇੱਥੇ ਏਜੰਟ ਪੰਜਾਬੀਆਂ ਦੇ ਪਾਸਪੋਰਟ ਆਪਣੇ ਕੋਲ ਲੈ ਲੈਂਦੇ ਹਨ ਤੇ ਉਨ੍ਹਾਂ ਦੀ ਜੇਬ ਵਿੱਚ ਪਰਚੀ ਪਾ ਦਿੰਦੇ ਹਨ ਕਿ ਜਿਸ ਦੇਸ਼ ਵਿੱਚੋਂ ਇਹ ਆਇਆ ਹੈ, ਉੱਥੇ ਇਸ ਦੀ ਜਾਨ ਨੂੰ ਖਤਰਾ ਹੈ। ਇਸੇ ਤਰ੍ਹਾਂ ਸਾਊਥ ਅਮਰੀਕਾ, ਹਾਂਗਕਾਂਗ ਤੇ ਗਰੀਸ ਨੂੰ ਵੀ ਟਰੈਵਲ ਏਜੰਟ ਪੰਜਾਬੀਆਂ ਨੂੰ ਅਮਰੀਕਾ ’ਚ ਦਾਖਲਾ ਦਿਵਾਉਣ ਲਈ ਰਾਹ ਵਜੋਂ ਵਰਤਦੇ ਆ ਰਹੇ ਹਨ। ਇਨ੍ਹਾਂ ਰਸਤਿਆਂ ਰਾਹੀਂ ਹਮੇਸ਼ਾਂ ਜਾਨ ਦਾ ਖਤਰਾ ਬਣਿਆ ਰਹਿੰਦਾ ਹੈ।

ਅਕਾਲੀਆਂ ਦੇ ਨਸ਼ਾ ਤਸਕਰਾਂ ਨਾਲ ਸਬੰਧਾਂ ਤੇ ਖੱਟੜ ਨੇ ਲਾਈ ਮੋਹਰ

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਤੇ ਅਕਾਲੀ ਦਲ ਦੀ ਭਾਈਵਾਲ ਪਾਰਟੀ ਦੇ ਆਗੂ ਮਨੋਹਰ ਲਾਲ ਖੱਟਰ ਨੇ ਇਕ ਬਿਆਨ ‘ਚ ਅਕਾਲੀਆਂ ਦੇ ਨਸ਼ਾ ਤਸਕਰਾਂ ਨਾਲ ਸਬੰਧਾਂ ਬਾਰੇ ਮੋਹਰ ਲਾ ਦਿੱਤੀ ਹੈ। ਰੰਧਾਵਾ ਨੇ ਕਿਹਾ ਜੇ ਅਕਾਲੀ ਦਲ ਭਾਵ ਬਾਦਲ ਪਰਿਵਾਰ ਵਿਚ ਥੋੜੀ ਬਹੁਤ ਨੈਤਿਕਤਾ ਬਚੀ ਹੋਵੇ ਤਾਂ ਉਹ ਭਾਜਪਾ ਨਾਲ ਆਪਣੇ ਸਬੰਧ ਤੋੜਨ ਵਿਚ ਸਮਾਂ ਨਾ ਲਗਾਉਂਦੇ। ਰੰਧਾਵਾ ਨੇ ਕਿਹਾ ਕਿ ਖੱਟਰ ਵੱਲੋਂ ਹਾਲ ਹੀ ਵਿਚ ਕਾਲਾਂਵਾਲੀ ‘ਚ ਇਕ ਰੈਲੀ ਦੌਰਾਨ

ਖੁੱਲੇਆਮ ਨਸ਼ਾ ਤਸ਼ਕਰੀ ਦੇ ਦੋਸ਼ ਲਗਾਉਣ ਤੋਂ ਬਾਅਦ ਅਕਾਲੀ ਆਗੂ ਲੁੱਕਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਅਕਾਲੀ ਦਲ ਦੇ ਸੁਪਰੀਮੋ ਪਰਕਾਸ਼ ਸਿੰਘ ਬਾਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭਾਜਪਾ ਵੱਲੋਂ ਲਗਾਏ ਦੋਸ਼ਾਂ ਸਬੰਧੀ ਆਪਣਾ ਪੱਖ ਸਪੱਸ਼ਟ ਕਰਨ ਦੀ ਚੁਣੌਤੀ ਦਿੱਤੀ। ਅਕਾਲੀ ਲੀਡਰਸ਼ਿਪ ਨੂੰ ਭਾਜਪਾ ਨਾਲ ਸਾਰੇ ਰਿਸ਼ਤੇ ਤੋੜਨ ਦੀ ਸਲਾਹ ਦਿੰਦਿਆਂ ਰੰਧਾਵਾ ਨੇ ਕਿਹਾ ਕਿ ਇਕ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਕਹਿ ਰਹੇ ਹਨ ਕਿ ਜੇ ਅਕਾਲੀ ਦਲ ਐਸ.ਵਾਈ.ਐਲ. ਮੁੱਦੇ ‘ਤੇ

ਹਰਿਆਣਾ ਦੇ ਪੱਖ ਵਿਚ ਸਹਿਮਤੀ ਪ੍ਰਗਟਾਉਂਦੇ ਤਾਂ ਭਾਜਪਾ ਨਾ ਸਿਰਫ ਹਰਿਆਣਾ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਬਣਾਈ ਰੱਖਦੀ ਅਤੇ ਨਾਲ ਹੀ ਬਾਅਦ ਵਿਚ 2-3 ਸੀਟਾਂ ਹੋਰ ਦੇ ਦਿੰਦੀ। ਦੂਜੇ ਪਾਸੇ ਇਸ ਹਰਸਿਮਰਤ ਕੌਰ ਬਾਦਲ ਅਜੇ ਵੀ ਭਾਜਪਾ ਦੀ ਸਰਕਾਰ ਵਿਚ ਕੇਂਦਰੀ ਮੰਤਰੀ ਵਜੋਂ ਸੇਵਾਵਾਂ ਨਿਭਾ ਰਹੇ ਹਨ। ਰੰਧਾਵਾ ਨੇ ਅਕਾਲੀ ਦਲ ਨੂੰ ਚੂਹੇ-ਬਿੱਲੀ ਦੇ ਖੇਡ ‘ਚੋ ਬਾਹਰ ਆਉਣ ਅਤੇ ਭਾਜਪਾ ਨਾਲ ਸਾਰੇ ਸਿਆਸੀ ਗੱਠਜੋੜ ਖ਼ਤਮ ਕਰਨ ਦੀ ਹਿੰਮਤ ਦਿਖਾਉਣ ਲਈ ਕਿਹਾ।

ਗਰਮ ਪਾਣੀ ਪੀਣ ਦੇ ਅਨੇਕਾਂ ਫਾਇਦੇ, ਵਜ਼ਨ ਦੇ ਨਾਲ-ਨਾਲ ਕਈ ਬਿਮਾਰੀਆਂ ਦਾ ਰਾਮਬਾਣ ਇਲਾਜ

ਗਰਮ ਪਾਣੀ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੈ। ਇਸ ਦੇ ਸਿਹਤ ਨੂੰ ਇੰਨੇ ਲਾਭ ਹਨ ਕਿ ਤੁਸੀਂ ਗਰਮ ਪਾਣੀ ਪੀਣ ਲਈ ਮਜਬੂਰ ਹੋਵੋਗੇ। ਉਂਝ ਵੀ ਕਿਹਾ ਜਾਂਦਾ ਹੈ ਕਿ ਤਕਰੀਬਨ 8 ਤੋਂ 10 ਗਲਾਸ ਪਾਣੀ ਪੀਣਾ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ। ਪਰ ਜੇ ਤੁਸੀਂ ਦਿਨ ਵਿੱਚ ਤਿੰਨ ਵਾਰ ਆਸਾਨੀ ਨਾਲ ਗਰਮ ਪਾਣੀ ਪੀਣ ਦੀ ਆਦਤ ਪਾ ਸਕਦੇ ਹੋ, ਤਾਂ ਤੁਹਾਨੂੰ ਕਦੇ ਵੀ ਡਾਕਟਰਾਂ ਕੋਲ ਨਹੀਂ ਜਾਣਾ ਪਏਗਾ।

ਗਰਮ ਪਾਣੀ ਤੁਹਾਡੇ ਲਗਾਤਾਰ ਵਧ ਰਹੇ ਭਾਰ ਨੂੰ ਘਟਾਉਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਜੇ ਤੁਹਾਨੂੰ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਫਰਕ ਨਹੀਂ ਮਹਿਸੂਸ ਹੁੰਦਾ, ਤਾਂ ਸ਼ਹਿਦ ਤੇ ਨਿੰਬੂ ਨੂੰ ਕੋਸੇ ਪਾਣੀ ਵਿੱਚ ਮਿਲਾਓ ਤੇ ਇਸ ਨੂੰ ਤਿੰਨ ਮਹੀਨਿਆਂ ਤਕ ਲਗਾਤਾਰ ਪੀਓ। ਤੁਸੀਂ ਨਿਸ਼ਚਤ ਤੌਰ ‘ਤੇ ਫਰਕ ਮਹਿਸੂਸ ਕਰੋਗੇ। ਇਸ ਦੇ ਨਾਲ ਹੀ, ਜੇ ਹੋ ਸਕੇ ਤਾਂ ਖਾਣਾ ਖਾਣ ਤੋਂ ਬਾਅਦ, ਤੁਸੀਂ ਇੱਕ ਕੱਪ ਗਰਮ ਪਾਣੀ ਪੀਣਾ ਸ਼ੁਰੂ ਕਰੋ।

ਇਸ ਦੇ ਨਾਲ ਹੀ ਗਰਮ ਪਾਣੀ ਤੁਹਾਨੂੰ ਗਲੇ ਦੀ ਜਕੜਨ ਤੇ ਜ਼ੁਕਾਮ ਤੋਂ ਵੀ ਰਾਹਤ ਦਿੰਦਾ ਹੈ। ਕੋਸੇ ਪਾਣੀ ਪੀਣ ਨਾਲ ਤੁਹਾਡਾ ਗਲਾ ਵੀ ਠੀਕ ਹੋ ਜਾਂਦਾ ਹੈ। ਇਸ ਦੀ ਵਰਤੋਂ ਨਾਲ ਰਾਹਤ ਮਿਲਦੀ ਹੈ। ਕੁੜੀਆਂ ਦੀ ਮਾਹਵਾਰੀ ਦਾ ਦਰਦ ਸਾਰੇ ਕੰਮ ਵਿਗਾੜ ਦਿੰਦਾ ਹੈ ਪਰ ਇਸ ਦੌਰਾਨ, ਗਰਮ ਪਾਣੀ ਪੀਣਾ ਰਾਮਬਾਣ ਤੋਂ ਘੱਟ ਨਹੀਂ। ਇਸ ਸਮੇਂ ਦੌਰਾਨ ਗਰਮ ਪਾਣੀ ਪੀਣ ਨਾਲ ਪੇਟ ਦੀ ਸਫਾਈ ਵੀ ਹੁੰਦੀ ਹੈ, ਜਦਕਿ ਗਰਮ ਪਾਣੀ ਸਰੀਰ ਨੂੰ ਡੀਟੌਕਸ ਕਰਨ ਵਿਚ ਵੀ ਮਦਦ ਕਰਦਾ ਹੈ।

41 ਫੀਸਦੀ ਦੁੱਧ ਦੇ ਸੈਂਪਲ ਫੇਲ੍ਹ, ਪ੍ਰੋਸੈਸਡ ਮਿਲਕ ‘ਚ ਵੀ ਮਿਲੇ ਐਂਟੀਬਾਇਓਟਿਕ ਅੰਸ਼

ਦੇਸ਼ ਵਿੱਚ ਦੁੱਧ ਦੀ ਗੁਣਵੱਤਾ ਨੂੰ ਲੈ ਕੇ ਫੂਡ ਸੇਫਟੀ ਐਂਡ ਸਟੈਂਡਰਜ਼ ਅਥਾਰਟੀ (ਐਫਐਸਐਸਏਆਈ) ਦੇ ਸਰਵੇਖਣ ਵਿੱਚ 41 ਫੀਸਦੀ ਨਮੂਨੇ ਗੁਣਵੱਤਾ (ਕਵਾਲਟੀ) ਤੇ ਸੁਰੱਖਿਆ (ਸੇਫਟੀ) ਦੇ ਮਿਆਰਾਂ ‘ਤੇ ਅਸਫਲ ਰਹੇ ਹਨ। ਇਨ੍ਹਾਂ ਵਿੱਚੋਂ 7 ਫੀਸਦੀ ਨਮੂਨੇ ਸਿਹਤ ਲਈ ਖਤਰਨਾਕ ਪਾਏ ਗਏ। ਐਫਐਸਐਸਏਆਈ ਨੇ ਸਰਵੇਖਣ ਲਈ ਕੱਚੇ ਤੇ ਪੈਕ ਕੀਤੇ ਦੁੱਧ ਦੇ ਨਮੂਨੇ ਲਏ ਸੀ। ਐਫਐਸਐਸਏਆਈ ਦੇ ਸੀਈਓ ਪਵਨ ਯਾਦਵ ਦੇ ਅਨੁਸਾਰ, ਦੁੱਧ ਦੇ ਨਮੂਨਿਆਂ ਵਿੱਚ ਨਾ ਸਿਰਫ ਮਿਲਾਵਟ ਕੀਤੀ ਗਈ ਸੀ,

ਬਲਕਿ ਦੁੱਧ ਸਿਹਤ ਲਈ ਨੁਕਸਾਨਦੇਹ ਪਦਾਰਥਾਂ ਨਾਲ ਵੀ ਦੂਸ਼ਿਤ ਪਾਇਆ ਗਿਆ। ਪ੍ਰੋਸੈਸਡ ਦੁੱਧ ਦੇ ਨਮੂਨਿਆਂ ਵਿੱਚ ਐਫਲੈਕਸਿਨ-ਐਮ 1, ਐਂਟੀਬਾਇਓਟਿਕਸ ਤੇ ਕੀਟਨਾਸ਼ਕਾਂ ਵਧੇਰੇ ਮਿਲੇ ਹਨ। ਕੁੱਲ 6,432 ਨਮੂਨਿਆਂ ਵਿੱਚੋਂ 368 ਵਿੱਚ ਐਫਲੈਕਸਿਨ-ਐਮ 1 ਦੀ ਉੱਚ ਮਾਤਰਾ ਮਿਲੀ ਹੈ, ਜੋ ਕੁੱਲ ਨਮੂਨਿਆਂ ਦਾ 5.7 ਫੀਸਦੀ ਹੈ। ਇਹ ਦਿੱਲੀ, ਤਾਮਿਲਨਾਡੂ ਤੇ ਕੇਰਲ ਦੇ ਨਮੂਨਿਆਂ ਵਿੱਚ ਸਭ ਤੋਂ ਵੱਧ ਹੈ। ਐਫਲੈਕਸਿਨ-ਐਮ 1 ਇੱਕ ਕਿਸਮ ਦੀ ਉੱਲੀਮਾਰ (ਫਫੂੰਦ) ਹੈ ਜਿਸ ਦੇ ਇਸਤੇਮਾਲ ਦੀ ਭਾਰਤ ਵਿੱਚ ਆਗਿਆ ਨਹੀਂ ਹੈ।

ਸਰਵੇਖਣ ਦੇ ਅਨੁਸਾਰ ਕੁੱਲ ਨਮੂਨਿਆਂ ਦੇ 1.2 ਫੀਸਦੀ ਵਿੱਚ ਐਂਟੀਬਾਇਓਟਿਕ ਨਿਰਧਾਰਿਤ ਸੀਮਾ ਤੋਂ ਵੱਧ ਹੈ। ਉੱਤਰ ਪ੍ਰਦੇਸ਼, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਉਨ੍ਹਾਂ ਰਾਜਾਂ ਵਿੱਚੋਂ ਹਨ, ਜਿਥੇ ਦੁੱਧ ਵਿੱਚ ਐਂਟੀਬਾਇਓਟਿਕ ਦੀ ਮਾਤਰਾ ਵਧੇਰੇ ਪਾਈ ਗਈ ਹੈ। ਇਸ ਦੇ ਨਾਲ ਹੀ, ਨਮੂਨਿਆਂ ਵਿੱਚੋਂ 7 ਫੀਸਦੀ ‘ਚ ਗੰਭੀਰ ਰੂਪ ਵਿੱਚ ਖਤਰਨਾਕ ਤੱਤਾਂ ਦੀ ਮਿਲਾਵਟ ਪਾਈ ਗਈ। ਇਹ ਮਨੁੱਖੀ ਵਰਤੋਂ ਲਈ ਸੁਰੱਖਿਅਤ ਨਹੀਂ ਪਾਏ ਗਏ। 41 ਫੀਸਦੀ ਨਮੂਨੇ ਦੁੱਧ ਦੀ ਦੋ ਕਵਾਲਟੀ ਦੇ ਦੋ ਮਾਣਕਾਂ, ਲੋਅ ਫੈਟ ਤੇ ਸਾਲਿਡਸ ਨਾਟ ਫੌਟ (ਐਸਐਨਐਫ) ‘ਤੇ ਖਰੇ ਨਹੀਂ ਉੱਤਰੇ।
ਰਾਹਤ ਦੀ ਗੱਲ ਇਹ ਹੈ ਕਿ 6,432 ਵਿੱਚੋਂ 5,976 ਨਮੂਨਿਆਂ ਵਿੱਚ ਮਿਲਾਵਟ ਦੇ ਬਾਵਜੂਦ, ਮਨੁੱਖੀ ਸਿਹਤ ਲਈ ਕੋਈ ਖਤਰਨਾਕ ਪਦਾਰਥ ਨਹੀਂ ਮਿਲੇ। ਇਸ ਤਰ੍ਹਾਂ 93 ਫੀਸਦੀ ਨਮੂਨੇ ਮਨੁੱਖੀ ਸੇਵਨ ਲਈ ਸੁਰੱਖਿਅਤ ਮੰਨੇ ਗਏ ਹਨ।

ਬੀਬੀ ਭੱਠਲ ਨੇ ਦੱਸਿਆ ਸੱਚ ਇਸ ਕਰਕੇ ਨਹੀਂ ਬੈਠਣ ਦਿੱਤਾ ਸੋਢੀ ਨੂੰ ਕੈਪਟਨ ਦੀ ਕਾਰ ਚ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਸਲਾਹਕਾਰ ਵੱਲੋਂ ਮੰਤਰੀ ਰਾਣਾ ਸੋਢੀ ਨੂੰ ਕਾਰ ‘ਚ ਨਾ ਬਿਠਾਏ ਜਾਣ ‘ਤੇ ਕਾਂਗਰਸ ਦੀ ਸੀਨੀਅਰ ਲੀਡਰ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਨੂੰ ਕਾਰ ‘ਚ ਬਿਠਾਇਆ ਜਾਵੇ। ਸਗੋਂ ਉਨ੍ਹਾਂ ਕਿਹਾ ਕਿ ਪਰਮਾਤਮਾ ਨੇ ਉਨ੍ਹਾਂ ਨੂੰ ਵੀ ਗੱਡੀਆਂ ਬਖਸ਼ੀਆਂ ਹਨ, ਉਨ੍ਹਾਂ ਨੂੰ ਗੱਡੀਆਂ ਦੀ ਕੋਈ ਘਾਟ ਨਹੀਂ। ਦਰਅਸਲ ਭੱਠਲ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਸਨ। ਇੱਥੇ ਉਨ੍ਹਾਂ ਜ਼ਿਮਨੀ ਚੋਣਾਂ ‘ਚ ਕਾਂਗਰਸ ਦੀ ਜਿੱਤ ਦਾ ਦਾਅਵਾ ਕੀਤਾ ਹੈ। ਇਸ ਮੌਕੇ ਭੱਠਲ ਨੇ ਅਕਾਲੀ ਦਲ ‘ਤੇ ਤਨਜ਼ ਕੱਸਦਿਆਂ ਕਿਹਾ ਹੈ ਕਿ ਐਸਜੀਪੀਸੀ ਦਾ 1800 ਕਰੋੜ ਦਾ ਬਜਟ ਹੈ,

ਪਰ ਅਕਾਲੀਆਂ ਨੇ 1200 ਕਰੋੜ ਦਾ ਬਜਟ ਦਿਖਾਇਆ, ਬਾਕੀ 600 ਕਰੋੜ ਅਕਾਲੀ ਖਾ ਗਏ। ਉਨ੍ਹਾਂ ਕਿਹਾ ਕਿ ਅਕਾਲੀ ਦਲ ਐਸਜੀਪੀਸੀ ਨੂੰ ਆਪਣੀ ਜੇਬ ਸਮਝਦਾ ਹੈ। ਅਕਾਲੀ ਦਲ ਚੋਣਾ ਵਿੱਚ ਐਸਜੀਪੀਸੀ ਦਾ ਪੈਸਾ ਤੇ ਥਾਂ ਦਾ ਇਸਤਮਾਲ ਕਰਦਾ ਹੈ। ਭੱਠਲ ਨੇ ਕਿਹਾ ਕਿ ਅਕਾਲੀ ਡਰੇ ਹੋਏ ਹਨ। ਅਕਾਲੀ ਦੇ ਹਾਰਨ ਦੀਆਂ ਨਿਸ਼ਾਨੀਆਂ ਸਾਹਮਣੇ ਆ ਰਹੀਆਂ ਹਨ, ਤਾਂ ਹੀ ਅਕਾਲੀ ਅੱਜ ਕਾਗਰਸ ‘ਤੇ ਝੂਠੇ ਇਲਜ਼ਾਮ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਕਿਸੇ ਤੇ ਵੀ ਕੋਈ ਝੂਠਾ ਪਰਚਾ ਨਹੀਂ ਕਰਾਉਂਦੀ। ਉਨ੍ਹਾਂ ਦੱਸਿਆ ਕਿ

ਪੰਜਾਬ ਸਰਕਾਰ ਕਰਤਾਰਪੁਰ ਲਾਂਘੇ ਲਈ ਪੂਰੀ ਜ਼ਿੰਮੇਵਾਰੀ ਨਾਲ ਕੰਮ ਪੂਰਾ ਕਰਵਾ ਰਹੀ ਹੈ। ਸਾਡੇ ਵੱਲੋ ਕੋਈ ਕਮੀ ਨਹੀਂ ਛੱਡੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਤੋ ਪਹਿਲਾਂ ਸਾਡਾ ਕੰਮ ਪੂਰਾ ਹੋਏਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕਾਂਗਰਸ ਸਰਕਾਰ ਵੱਲੋਂ ਐਸਜੀਪੀਸੀ ਨੂੰ ਬੇਨਤੀ ਕੀਤੀ ਹੈ ਕਿ 550 ਸਾਲਾ ਪ੍ਰਕਾਸ਼ ਪੁਰਬ ਇਕੱਠੇ ਹੋ ਕੇ ਮਨਾਈਏ ਪਰ ਅਕਾਲੀ ਦਲ ਅਜਿਹਾ ਨਹੀਂ ਕਰਨ ਦੇ ਰਿਹਾ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੋ ਕਹਿਣਗੇ, ਅਸੀ ਉਸ ‘ਤੇ ਫੁੱਲ ਚੜਾਵਾਂਗੇ।

ਸਰਕਾਰੀ ਸਕੂਲਾਂ ਚ ਮਿਲਣ ਵਾਲੇ ਮਿੱਡ ਡੇ ਮੀਲ ਨੂੰ ਲੈਕੇ ਸਰਕਾਰ ਨੇ ਕਰਤਾ ਇਹ ਐਲਾਨ

ਹੁਣ ਸਰਕਾਰੀ ਸਕੂਲਾਂ ਵਿਚ ਮਿਲਣ ਵਾਲੇ ਦੁਪਹਿਰ ਦੇ ਖਾਣੇ (ਮਿੱਡ-ਡੇ-ਮੀਲ) ਦੇ ਬਰਤਨ ਵਿਦਿਆਰਥੀ ਨਹੀਂ ਧੋਣਗੇ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿਚ ਆਇਆ ਕਿ ਦੁਪਹਿਰ ਦੇ ਖਾਣੇ ਤੋਂ ਬਾਅਦ ਵਿਦਿਆਰਥੀ ਖ਼ੁਦ ਬਰਤਨ ਧੋਂਦੇ ਹਨ, ਜੋ ਜਾਇਜ਼ ਨਹੀਂ ਹੈ ਤਾਂ ਵਿਭਾਗ ਦੇ ਇਸ ਦੀ ਨਿਖੇਧੀ ਕਰਦਿਆਂ ਤੁਰੰਤ ਹੁਕਮ ਜਾਰੀ ਕੀਤੇ ਕਿ ਕੋਈ ਵੀ ਵਿਦਿਆਰਥੀ ਜੂੁਠੇ ਭਾਂਡੇ ਨਹੀਂ ਧੋਵੇਗਾ ਰਸੋਈਆ ਅਤੇ ਸਹਾਇਕ ਧੋਣਗੇ ਭਾਂਡੇ

ਡੀਜੀਐੱਸਈ ਦਫ਼ਤਰ ਅਤੇ ਮਿੱਡ-ਡੇ-ਮੀਲ ਕਮੇਟੀ ਵੱਲੋਂ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਜੂਠੇ ਬਰਤਨ ਧੋਣ ਦੀ ਜ਼ਿੰਮੇਵਾਰੀ ਰਸੋਈਏ ਅਤੇ ਵਰਕਰ ਦੀ ਹੈ। ਇਸ ਲਈ ਜੂਠੇ ਭਾਂਡੇ ਉਹੀ ਧੋਣਗੇ। ਇਸ ਸਬੰਧੀ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਸਕੂਲਾਂ ਵਿਚ ਬਰਤਨ ਪੂਰੇ ਨਹੀਂ ਹੁੰਦੇ ਤੇ ਜੇ ਸਾਰੇ ਬਰਤਨ ਬਾਅਦ ਵਿਚ ਧੋਤੇ ਜਾਣਗੇ ਤਾਂ ਸਮਾਂ ਵੀ ਖ਼ਰਾਬ ਹੋਵੇਗਾ। ਇਸ ਤੋਂ ਇਲਾਵਾ ਸਕੂਲ ਵਿਚ ਇਕ ਕੁੱਕ ਅਤੇ ਹੈਲਪਰ ਦੀ ਡਿਊਟੀ ਹੁੰਦੀ ਹੈ ਜਿਨ੍ਹਾਂ ਕੋਲ਼ ਐਨਾ ਸਮਾਂ ਨਹੀਂ ਹੁੰਦਾ।

ਮਿਲ ਰਹੀਆਂ ਸੀ ਸ਼ਿਕਾਇਤਾਂ ਦੱਸਣਾ ਬਣਦਾ ਹੈ ਕਿ ਸੂਬੇ ਵਿਚੋਂ ਵੱਖ ਵੱਖ ਥਾਂਵਾਂ ਤੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਵਿਦਿਆਰਥੀਆਂ ਕੋਲੋਂ ਬਰਤਨ ਸਾਫ਼ ਕਰਵਾਏ ਜਾ ਰਹੇ ਹਨ। ਹਾਲਾਂਕਿ ਸਕੂਲਾਂ ਦੇ ਅਧਿਆਪਕਾਂ ਦੀ ਦਲੀਲ ਹੈ ਕਿ ਜਿਹੜੇ ਜੂਠੇ ਭਾਂਡੇ ਵਿਦਿਆਰਥੀ ਧੋਂਦੇ ਹਨ ਉਹ ਉਨ੍ਹਾਂ ਦੇ ਆਪਣੇ ਹੀ ਹੁੰਦੇ ਹਨ। ਅਜਿਹਾ ਕਰਨ ਨਾਲ ਉਨ੍ਹਾਂ ਵਿਚ ਆਪਣਾ ਕੰਮ ਆਪ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ। ਇਹੀ ਨਹੀਂ ਪਿਛਲੇ ਦਿਨੀ ਪ੍ਰਸ਼ਾਸਨ ਨੇ ਹੁਕਮਾਂ ‘ਤੇ ਵਿਦਿਆਰਥੀਆਂ ਕੋਲੋਂ ਕੂੜਾ ਵੀ ਚੁੁਕਵਾਇਆ ਗਿਆ ਸੀ। ਦੇਖਣਾ ਬਣਦਾ ਹੈ ਕਿ ਵਿਭਾਗ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਦੀ ਕਿੰਨੀ ਕੁ ਤਾਮੀਲ ਹੁੰਦੀ ਹੈ।

ਹੁਕਮ ਦੀ ਹੋਵੇਗੀ ਤਾਮੀਲ ਗੁਰਪ੍ਰੀਤ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਮਿਲੇ ਹੁਕਮਾਂ ਦੀ ਤਾਮੀਲ ਕੀਤੀ ਜਾਵੇਗੀ। ਹੁਣ ਵਿਦਿਆਰਥੀਆਂ ਕੋਲੋਂ ਭਾਂਡੇ ਨਾ ਧੁਆਏ ਜਾਣ ਲਿਹਾਜ਼ਾ ਇਸ ਹੁਕਮ ‘ਤੇ ਪਹਿਰਾ ਦਿੱਤਾ ਜਾਵੇਗਾ। ਇਹ ਹੁਕਮ ਸਾਰੇ ਸਕੂਲ ਮੁਖੀਆਂ ਨੂੰ ਜਾਰੀ ਕਰ ਦਿੱਤੇ ਗਏ ਹਨ।

ਵਿਅਕਤੀ ਦਾ ਕਾਰਨਾਮਾ ਨਕਲੀ ਚਾਬੀ ਬਣਾਕੇ ਚੋਰੀ ਕੀਤੀ ਕਾਰ

ਕਰੀਬ ਤਿੰਨ ਦਿਨ ਪਹਿਲਾਂ ਬਸੰਤ ਐਵੇਨਿਊ ਇਲਾਕੇ ਵਿਚ ਚੋਰੀ ਹੋਈ ਕਰੇਟਾ ਗੱਡੀ ਨੂੰ ਸੀਆਈਏ ਸਟਾਫ ਨੇ ਬਰਾਮਦ ਕਰ ਲਿਆ ਹੈ। ਗੱਡੀ ਚੋਰੀ ਕਰਨ ਵਾਲੇ ਦੋਵੇਂ ਮੁਲਜ਼ਮਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ। ਇਨ੍ਹਾਂ ਮੁਲਾਜ਼ਮਾਂ ਦੀ ਪਛਾਣ ਹਰਸਿਮਰਨ ਸਿੰਘ ਵਾਸੀ ਮਜੀਠਾ ਤੇ ਗੁਰਪ੍ਰਰੀਤ ਸਿੰਘ ਵਾਸੀ ਰਾਜਾਸਾਂਸੀ ਵਜੋਂ ਹੋਈ ਹੈ। ਇਹ ਦੋਵੇਂ ਹੀ ਮੁਲਜ਼ਮ ਕਾਰ ਕੰਪਨੀ ਦੇ ਸਰਵਿਸ ਸੈਂਟਰ ਵਿਚ ਨੌਕਰੀ ਕਰਦੇ ਹਨ। ਮੁਲਜ਼ਮਾਂ ਕੋਲੋਂ ਕਾਰ ਸਰਵਿਸ ਹੋਣ ਲਈ ਆਈ ਸੀ।

ਇਸੇ ਦੌਰਾਨ ਇਨ੍ਹਾਂ ਮੁਲਜ਼ਮਾਂ ਨੇ ਇਕ ਨਕਲੀ ਚਾਬੀ ਤਿਆਰ ਕਰਵਾ ਲਈ ਤੇ ਮੌਕਾ ਮਿਲਦਿਆਂ ਹੀ ਬਸੰਤ ਐਵੇਨਿਊ ਤੋਂ ਉਸ ਨੂੰ ਚੋਰੀ ਕਰ ਕੇ ਮਜੀਠਾ ਵਿਚ ਲਿਜਾ ਕੇ ਲੁੱਕਾ ਦਿੱਤਾ। ਬੁੱਧਵਾਰ ਰਾਤ ਦੋਵੇਂ ਕਾਰ ਲੈ ਕੇ ਦਿੱਲੀ ਲਈ ਨਿਕਲ ਰਹੇ ਸਨ ਕਿ ਸੀਆਈਏ ਸਟਾਫ ਦੀ ਟੀਮ ਨੇ ਇਨ੍ਹਾਂ ਨੂੰ ਫੜ੍ਹ ਲਿਆ ਤੇ ਕਾਰ ਵੀ ਬਰਾਮਦ ਕਰ ਲਈ ਹੈ।

*ਬਾਕਸ- ਕੀ ਹੈ ਪੂਰਾ ਮਾਮਲਾ? ਡੀਸੀਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਕਾਰ ਮਾਲਕਣ ਸੰਗੀਤਾ ਵਾਸੀ ਬਸੰਤ ਐਵੇਨਿਊ ਨੇ ਕਾਰ ਸਰਵਿਸ ਕਰਵਾਉਣ ਲਈ 28 ਸਤੰਬਰ ਨੂੰ ਵਰਕਸ਼ਾਪ ‘ਚ ਦਿੱਤੀ ਸੀ। ਉਕਤ ਦੋਵੇਂ ਮੁਲਜ਼ਮ ਵਰਕਸ਼ਾਪ ਵਿਚ ਹੀ ਨੌਕਰੀ ਕਰਦੇ ਸਨ। ਮੁਲਜ਼ਮਾਂ ਨੇ ਕਿਹਾ ਕਿ ਗੱਡੀ ਦੀ ਸਰਵਿਸ ਵਿਚ ਸਮਾਂ ਲੱਗੇਗਾ। ਇਸ ਤੋਂ ਬਾਅਦ ਉਹ ਗੱਡੀ ਗੈਰੇਜ ਵਿਚ ਛੱਡ ਕੇ ਘਰ ਆ ਗਈ। ਇਸੇ ਦੌਰਾਨ ਮੁਲਜ਼ਮਾਂ ਨੇ ਗੱਡੀ ਦੀ ਡੁਪਲੀਕੇਟ ਚਾਬੀ ਬਣਵਾ ਲਈ ਤੇ ਅਗਲੇ ਦਿਨ ਸਰਵਿਸ ਕਰ ਕੇ ਕਾਰ ਸੰਗੀਤਾ ਨੂੰ ਦੇ ਦਿੱਤੀ।

14 ਅਕਤੂਬਰ ਦੀ ਰਾਤ ਨੂੰ ਮੁਲਜ਼ਮਾਂ ਨੇ ਸੰਗੀਤਾ ਦੇ ਘਰ ਦੇ ਬਾਹਰੋਂ ਗੱਡੀ ਦੀ ਨਕਲੀ ਬਣਾਈ ਚਾਬੀ ਲਾ ਕੇ ਕਾਰ ਚੋਰੀ ਕਰ ਲਈ ਤੇ ਮਜੀਠਾ ਵਿਖੇ ਲੁਕਾ ਦਿੱਤੀ। ਬੀਤੇ ਦਿਨ ਇਹ ਮੁਲਜ਼ਮ ਕਾਰ ਦਿੱਲੀ ਵੇਚਣ ਜਾ ਰਹੇ ਸਨ ਪਰ ਸੀਆਈਏ ਸਟਾਫ ਨੂੰ ਇਸਦੀ ਜਾਣਕਾਰੀ ਮਿਲੀ ਤਾਂ ਬਾਈਪਾਸ ‘ਤੇ ਦੋਵਾਂ ਨੂੰ ਨੇ ਘੇਰ ਲਿਆ ਗਿਆ। ਮੁਲਜ਼ਮਾਂ ਨੇ ਕਾਰ ‘ਤੇ ਫਰਜ਼ੀ ਨੰਬਰ ਪੀਬੀ-02-ਡੀਐੱਲ-2655 ਲਾਇਆ ਸੀ। ਡੀਸੀਪੀ ਨੇ ਦੱਸਿਆ ਕਿ ਮੁਲਜ਼ਮਾਂ ਦੇ ਦਿੱਲੀ ਦੇ ਚੋਰਾਂ ਨਾਲ ਸੰਪਰਕ ਸਨ ਤੇ ਪਹਿਲਾਂ ਵੀ ਉਹ ਉਨ੍ਹਾਂ ਨੂੰ ਚੋਰੀ ਦੀਆਂ ਗੱਡੀਆਂ ਵੇਚ ਚੁੁਕੇ ਹਨ। ਫਿਲਹਾਲ ਪੁੱਛਗਿੱਛ ਜਾਰੀ ਹੈ, ਹੋਰ ਰਿਕਵਰੀ ਹੋਣ ਦੀ ਸੰਭਾਵਨਾ ਹੈ।

ਇਕਬਾਲ ਮਿਰਚੀ ਦਾ ਪਰਿਵਾਰ ਦੋ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਦਾ ਮਾਲਕ ਹੈ

ਅੰਡਰਵਰਲਡ ਸਰਗਨਾ ਦਾਊਦ ਇਬਰਾਹੀਮ ਦਾ ਸੱਜਾ ਹੱਥ ਮੰਨੇ ਜਾਣ ਵਾਲੇ ਜਿਸ ਡਰੱਗ ਸਮੱਗਲਰ ਇਕਬਾਲ ਮਿਰਚੀ ਨਾਲ ਕਾਰੋਬਾਰੀ ਰਿਸ਼ਤਿਆਂ ਨੂੰ ਲੈ ਕੇ ਸਾਬਕਾ ਨਾਗਰਿਕ ਹਵਾਬਾਜ਼ੀ ਮੰਤਰੀ ਤੇ ਐੱਨਸੀਪੀ ਦੇ ਸੀਨੀਅਰ ਨੇਤਾ ਪ੍ਰਫੁੱਲ ਪਟੇਲ ਵਿਵਾਦਾਂ ‘ਚ ਘਿਰ ਗਏ ਹਨ, ਉਸ ਡਰੱਗ ਸਮੱਗਲਰ ਦੇ ਪਰਿਵਾਰ ਕੋਲ ਦੇਸ਼-ਵਿਦੇਸ਼ ‘ਚ ਦੋ ਹਜ਼ਾਰ ਕਰੋੜ ਤੋਂ ਜ਼ਿਆਦਾ ਦੀਆਂ ਜਾਇਦਾਦਾਂ ਹਨ। ਇਨ੍ਹਾਂ ‘ਚ ਇਕੱਲੇ ਮੁੰਬਈ ‘ਚ 500 ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਜਾਇਦਾਦਾਂ ਹਨ। ਈਡੀ ਨੇ ਦੇਸ਼-ਵਿਦੇਸ਼ ‘ਚ ਫੈਲੀ ਇਨ੍ਹਾਂ ਸਾਰੀਆਂ ਨਾਮੀ-ਬੇਨਾਮੀ ਜਾਇਦਾਦਾਂ ਤੇ ਉਨ੍ਹਾਂ ਨੂੰ ਖਰੀਦਣ ਲਈ ਕੀਤੇ ਪੈਸੇ ਦੇ ਲੈਣ-ਦੇਣ ਨੂੰ ਲੱਭ ਲਿਆ ਹੈ।

ਈਡੀ ਕੋਲ ਮੌਜੂਦ ਦਸਤਾਵੇਜ਼ਾਂ ਮੁਤਾਬਕ ਵਰਲੀ ਦੇ ਸਨਬਲਿੰਕ ਰਿਅਲਟਰਜ਼ ਨੂੰ ਦਿੱਤੇ ਪਲਾਟ ਤੇ ਪ੍ਰਫੁੱਲ ਪਟੇਲ ਦੇ ਪਰਿਵਾਰ ਦੀ ਕੰਪਨੀ ਮਿਲੇਨੀਅਮ ਡਿਵੈਲਪਰਜ਼ ਵੱਲੋਂ ਬਣਾਏ ਗਏ 15 ਮੰਜ਼ਿਲਾ ਸੀਜੇ ਹਾਊਸ ਤੋਂ ਇਲਾਵਾ ਵੀ ਕਈ ਜਾਇਦਾਦਾਂ ਹਨ। ਇਨ੍ਹਾਂ ‘ਚ ਖੰਡਾਲਾ ‘ਚ ਛੇ ਏਕੜ ਜ਼ਮੀਨ ‘ਤੇ ਬਣਿਆ ਇਕ ਬੰਗਲਾ ਹੈ, ਜਿਹੜਾ ਵੈਸੇ ਤਾਂ ਵ੍ਹਾਈਟ ਵਾਟਰ ਲਿਮਟਿਡ ਦੇ ਨਾਂ ਹੈ ਪਰ ਅਸਲ ‘ਚ ਇਕਬਾਲ ਮਿਰਚੀ ਦੀ ਪਤਨੀ ਹਾਜਰਾ ਇਕਬਾਲ ਤੇ ਬੇਟੇ ਦੇ ਕਬਜ਼ੇ ‘ਚ ਹੈ। ਵਰਲੀ ‘ਚ ਹੀ ਸਾਹਿਲ ਬੰਗਲਾ ਵੀ ਇਕਬਾਲ ਮਿਰਚੀ ਦੀ ਪਤਨੀ ਦੇ ਬੱਚਿਆਂ ਦੇ ਨਾਂ ‘ਤੇ ਹੈ। ਵਰਲੀ ਸਥਿਤ ਸਮੰਦਰ ਮਹਿਲ ਇਕਬਾਲ ਮਿਰਚੀ ਦੀ ਭੈਣ ਤੇ ਜੀਜੇ ਦੇ ਕਬਜ਼ੇ ‘ਚ ਹਨ। ਇਸੇ ਤਰ੍ਹਾਂ ਬਾਏਕੁਲਾ ਦੀ ਨਿਊ ਰੋਸ਼ਨ ਟਾਕੀਜ਼, ਕ੍ਰਾਫਰਡ ਮਾਰਕੀਟ ‘ਚ ਤਿੰਨ ਦੁਕਾਨਾਂ, ਜੁਹੂ ਤਾਰਾ ਰੋਡ ‘ਤੇ ਮੀਨਾਜ ਹੋਟਲ ਤੇ ਪੰਚਗਨੀ ‘ਚ ਬੰਗਲਾ ਵੀ ਮਿਰਚੀ ਪਰਿਵਾਰ ਦਾ ਹੀ ਹੈ।

ਈਡੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਕਬਾਲ ਮਿਰਚੀ ਦੇ ਪਰਿਵਾਰ ਕੋਲ ਬਰਤਾਨੀਆ ‘ਚ 25 ਜਾਇਦਾਦਾਂ ਹਨ। ਇਨ੍ਹਾਂ ‘ਚ ਇਕੱਲੇ ਲੰਡਨ ‘ਚ 16 ਜਾਇਦਾਦਾਂ ਦੀ ਮਾਲਕਨ ਇਕਬਾਲ ਮਿਰਚੀ ਦੀ ਪਤਨੀ ਹਾਜਰਾ ਮਿਰਚੀ ਹੈ। ਇਹ ਸਾਰੀਆਂ ਜਾਇਦਾਦਾਂ ਕਾਉਂਟੀ ਪ੍ਰਾਪਰਟੀਜ਼ ਲਿਮਟਿਡ ਤੇ ਯੂਸਕੋਂਬੇ ਲਿਮਟਿਜ ਨਾਂ ਦੀਆਂ ਦੋ ਕੰਪਨੀਆਂ ਦੇ ਨਾਂ ‘ਤੇ ਹਨ, ਪਰ ਇਹ ਕੰਪਨੀਆਂ ਅਸਲ ‘ਚ ਹਾਜਰਾ ਮਿਰਚੀ ਦੀਆਂ ਹੀ ਹਨ। ਬਰਤਾਨੀਆ ਦੀਆਂ ਚਾਰ ਕੰਪਨੀਆਂ ਰਿਡਜ਼, ਟੌਪਲਾਈਨ ਅਸਟੇਟ, ਕਿਊਏ ਮੈਨੇਜਮੈਂਟ (ਵਾਟਰਸਾਈਡ) ਤੇ ਇੰਪੀਰੀਅਲ ਹੋਟਲ (ਡਾਰਟਫੋਰਡ) ਦੇ ਨਾਂ ‘ਤੇ ਲੰਡਨ ਸਥਿਤ ਛੇ ਜਾਇਦਾਦਾਂ ਇਕਬਾਲ ਮਿਰਚੀ ਇਕਬਾਲ ਮਿਰਚੀ ਪਰਿਵਾਰ ਦੀਆਂ ਹਨ ਹਨ। ਇਸੇ ਤਰ੍ਹਾਂ ਯੂਏਈ ਸਥਿਤ ਮਿਹਾਜ ਇਨਵੈਸਟਮੈਂਟ ਕਾਰਪੋਰੇਸ਼ਨ ਦੀਆਂ ਲੰਡਨ ‘ਚ ਤਿੰਨ ਜਾਇਦਾਦਾਂ ਹਨ, ਜਿਹੜੀਆਂ ਅਸਲ ‘ਚ ਮਿਰਚੀ ਪਰਿਵਾਰ ਦੀਆਂ ਹਨ। ਬਰਤਾਨੀਆ ਤੋਂ ਇਲਾਵਾ ਮਿਰਚੀ ਪਰਿਵਾਰ ਨੇ 2010 ‘ਚ ਯੂਏਈ ‘ਚ ਅਬਦੁੱਲ ਸਲੇਮ ਨਾਂ ਨਾਲ ਮਿਡ ਵੈਸਟ ਹੋਟਲ ਅਪਾਰਟਮੈਂਟ 93 ਮਿਲੀਅਨ ਦਰਹਮ ਯਾਨੀ 180 ਕਰੋੜ ਰੁਪਏ ‘ਚ ਖ਼ਰੀਦਿਆ ਸੀ। ਦੁਬਈ ਸਥਿਤ ਇਸ ਜਾਇਦਾਦ ਨੂੰ ਖ਼ਰੀਦਣ ਲਈ ਮੁੰਬਈ ਦੀਆਂ ਤਿੰਨ ਜਾਇਦਾਦਾਂ ਰਾਬੀਆ ਮੈਨਸਨ, ਮਰੀਅਮ ਲੌਜ ਤੇ ਸੀ ਵਿਊ ਨੂੰ ਵੇਚ ਕੇ ਹਵਾਲਾ ਦੇ ਜ਼ਰੀਏ ਪੈਸੇ ਭੇਜੇ ਗਏ ਸਨ।

ਈਡੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੁਬਈ ਹੀ ਨਹੀਂ, ਲੰਡਨ ਦੀਆਂ ਜਾਇਦਾਦਾਂ ਖ਼ਰੀਦਣ ਲਈ ਵੀ ਇਸੇ ਤਰ੍ਹਾਂ ਮੁੰਬਈ ਸਥਿਤ ਬੇਨਾਮੀ ਜਾਇਦਾਦਾਂ ਨੂੰ ਹੌਲੀ-ਹੌਲੀ ਵੇਚ ਕੇ ਹਵਾਲਾ ਦੇ ਜ਼ਰੀਏ ਪੈਸੇ ਭੇਜੇ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ‘ਚ ਬਹੁਤ ਸਾਰੇ ਲੈਣ-ਦੇਣ ਦੇ ਸਬੂਤ ਵੀ ਮਿਲੇ ਹਨ, ਜਿਨ੍ਹਾਂ ‘ਚ ਚੇਨਈ ਸਥਿਤ ਕੁਝ ਫਰਜ਼ੀ ਬੈਂਕ ਅਕਾਊਂਟ ਵੀ ਸ਼ਾਮਲ ਹਨ। ਇਕਬਾਲ ਮਿਰਚੀ ਦੀ ਬੇਨਾਮੀ ਜਾਇਦਾਦਾਂ ਵੇਚਣ ਤੇ ਉਸ ਤੋਂ ਮਿਲੇ ਪੈਸੇ ਨੂੰ ਹਵਾਲਾ ਦੇ ਜ਼ਰੀਏ ਵਿਦੇਸ਼ ਭੇਜਣ ‘ਚ ਮਦਦ ਕਰਨ ਵਾਲੇ ਹਾਰੂਨ ਯੂਸਫ਼ ਤੇ ਰਣਜੀਤ ਸਿੰਘ ਬਿੰਦਰਾ ਸਮੇਤ ਚਾਰ ਮੁਲਜ਼ਮਾਂ ਨੂੰ ਗਿ੍ਫਤਾਰ ਕਰ ਕੇ ਈਡੀ ਦੇ ਅਧਿਕਾਰੀ ਪੁੱਛਗਿੱਛ ਕਰ ਰਹੇ ਹਨ।

ਸਟੱਡੀ ਵੀਜ਼ਾ: ਘਰ ਖਾਲੀ, ਬਾਂਹਾਂ ਸੁੰਨੀਆਂ, ਪੁੱਤ ਤੋਰੇ ਪ੍ਰਦੇਸ

ਨਰਮਾ ਪੱਟੀ ’ਚ ‘ਸਟੱਡੀ ਵੀਜ਼ਾ’ ਘਰ ਬਾਰ ਹੂੰਝਣ ਲੱਗਾ ਹੈ। ਪੁੱਤਾਂ ਧੀਆਂ ਨੂੰ ਪ੍ਰਦੇਸ਼ ਭੇਜਣ ਲਈ ਸਭ ਕੁਝ ਦਾਅ ’ਤੇ ਲੱਗਾ ਹੈ। ਮਾਵਾਂ ਦੀਆਂ ਬਾਹਾਂ ਸੁੰਨੀਆਂ, ਕੰਨ ਖਾਲੀ ਤੇ ਟਰੈਕਟਰਾਂ ਬਿਨਾਂ ਘਰ ਖਾਲੀ ਹੋਣ ਲੱਗੇ ਹਨ। ਜ਼ਮੀਨਾਂ ਦੇ ਗ੍ਰਾਹਕ ਨਹੀਂ ਲੱਭ ਰਹੇ। ਕਰਜ਼ਾ ਘਰ ਪੂਰਾ ਨਹੀਂ ਕਰ ਰਿਹਾ। ਜਹਾਜ਼ ਦੀ ਟਿਕਟ ਲਈ ਪਸ਼ੂ ਤੇ ਵਿਦੇਸ਼ੀ ਫੀਸਾਂ ਲਈ ਖੇਤੀ ਮਸ਼ੀਨਰੀ ਦਾ ਵਿਕਣਾ ਹੁਣ ਲੁਕੀ ਛਿਪੀ ਗੱਲ ਨਹੀਂ। ਪੂਰੇ ਇੱਕ ਵਰ੍ਹੇ ਤੋਂ ਇਸ ਖ਼ਿੱਤੇ ’ਚ ਸਟੱਡੀ ਵੀਜ਼ੇ ਤੇ ਪੁੱਤਾਂ ਧੀਆਂ ਨੂੰ ਵਿਦੇਸ਼ ਭੇਜਣ ਦਾ ਰੁਝਾਨ ਸਿਖਰ ਵੱਲ ਹੋਇਆ ਹੈ।

ਕੋਈ ਵੇਲਾ ਸੀ ਜਦੋਂ ਖੇਤੀ ਸੰਕਟ ’ਚ ਕਿਸਾਨ ਨਵੇਂ ਟਰੈਕਟਰ ਮਿੱਟੀ ਦੇ ਭਾਅ ਵੇਚਣ ਲਈ ਮਜਬੂਰ ਸਨ। ਵਕਤ ਨੇ ਮੁੜ ਕਰਵਟ ਲਈ ਹੈ। ਪਿੰਡ ਚੱਕ ਬਖਤੂ ’ਚ ਦੋ ਪਰਿਵਾਰਾਂ ਨੇ ਆਪਣੇ ਮੁੰਡੇ ਤੇ ਕੁੜੀ ਨੂੰ ਸਟੱਡੀ ਵੀਜ਼ੇ ’ਤੇ ਭੇਜਣ ਲਈ ਪੂਰੀ ਖੇਤੀ ਮਸ਼ੀਨਰੀ ਵੇਚ ਦਿੱਤੀ। ਨਾਲੇ ਸਾਰੇ ਪਸ਼ੂ ਵੇਚ ਦਿੱਤੇ। ਗਿੱਲ ਖੁਰਦ ਦੇ ਇੱਕ ਘਰ ਨੂੰ ਇਕੱਲੀ ਜ਼ਮੀਨ ਨਹੀਂ, ਟਰੈਕਟਰ ਵੀ ਵੇਚਣਾ ਪਿਆ। ਮੰਡੀ ਕਲਾਂ ’ਚ ਇੱਕ ਘਰ ਨੇ ਫੀਸਾਂ ਲਈ ਜ਼ਮੀਨ ਵੇਚੀ। ਜਹਾਜ਼ ਦੀ ਟਿਕਟ ਲਈ ਪਸ਼ੂ ਵੇਚਣੇ ਪਏ ਹਨ। ਲਹਿਰਾ ਖਾਨਾ ਤੇ ਭੁੱਚੋ ਖੁਰਦ ਦੇ ਘਰਾਂ ’ਚ ਏਦਾਂ ਹੋਇਆ ਹੈ ਕਿ ਮਾਵਾਂ ਨੇ ਸਾਂਭ ਸਾਂਭ ਕੇ ਰੱਖੇ ਗਹਿਣੇ ਹੁਣ ਗਿਰਵੀ ਕੀਤੇ ਹਨ।

ਭੁੱਚੋ ਮੰਡੀ ਦੇ ਨੀਟਾ ਜਵੈਲਰਜ਼ ਦੇ ਮਾਲਕ ਗੁਰਦਵਿੰਦਰ ਜੌੜਾ ਨੇ ਦੱਸਿਆ ਕਿ ਹੁਣ ਇੱਕੋ ਦਿਨ ’ਚ ਚਾਰ ਚਾਰ ਕੇਸ ਗਹਿਣੇ ਗਿਰਵੇ ਰੱਖਣ ਤੇ ਵੇਚਣ ਵਾਲੇ ਆਉਂਦੇ ਹਨ, ਜਿਨ੍ਹਾਂ ’ਚੋਂ 50 ਫੀਸਦੀ ਕੇਸ ਸਟੱਡੀ ਵੀਜ਼ੇ ਵਾਲੇ ਹੁੰਦੇ ਹਨ। ਪ੍ਰਾਈਵੇਟ ਫਾਈਨਾਂਸ ਕੰਪਨੀਆਂ ਕੋਲ ਗਹਿਣਿਆਂ ’ਤੇ ਲੋਨ ਲੈਣ ਵਾਲੇ ਕੇਸ ਵਧੇ ਹਨ। ਬਰਨਾਲਾ ਦੇ ਮਿੱਤਲ ਜਵੈਲਰਜ਼ ਦੇ ਮਾਲਕ ਅਮਨ ਮਿੱਤਲ ਨੇ ਦੱਸਿਆ ਕਿ ਪਿੰਡਾਂ ਚੋਂ ਹੁਣ ਗਹਿਣੇ ਵੇਚਣ ਦਾ ਰੁਝਾਨ ਵਧਿਆ ਹੈ ਅਤੇ ਮਾਪੇ ਧੀਆਂ ਪੁੱਤਾਂ ਨੂੰ ਵਿਦੇਸ਼ ਭੇਜਣ ਖਾਤਰ ਕੰਨਾਂ ਦਾ ਸੋਨਾ ਵੀ ਵੇਚ ਰਹੇ ਹਨ।

ਇਸੇ ਤਰ੍ਹਾਂ ਗਿੱਦੜਬਹਾ ਦੇ ਮੇਨ ਜਵੈਲਰਜ਼ ਸ਼ਾਪ ਦੇ ਮਾਲਕ ਨੇ ਦੱਸਿਆ ਕਿ ਹਰ ਮਹੀਨੇ ਅੱਠ ਤੋਂ ਦਸ ਕੇਸ ਏਦਾਂ ਦੇ ਆਉਣ ਲੱਗੇ ਹਨ। ਬਹੁਤੇ ਮਾਪੇ ਇਸ ਨੂੰ ਮਜਬੂਰੀ ਦੱਸਦੇ ਹਨ। ਮੁਕਤਸਰ ਜ਼ਿਲ੍ਹੇ ਦੇ ਪਿੰਡ ਗੁਰੂਸਰ ਦੇ ਇੱਕ ਪਰਿਵਾਰ ਨੂੰ ਤਾਂ ਆਪਣੀ ਧੀ ਨੂੰ ਆਈਲੈੱਟਸ ਕਰਾਉਣ ਖਾਤਰ ਹੀ ਗਹਿਣੇ ਗਿਰਵੇ ਰੱਖਣੇ ਪਏ ਹਨ। ਇਵੇਂ ਹੀ ਮਾਲਵਾ ਖ਼ਿੱਤੇ ’ਚ ਤਲਵੰਡੀ ਸਾਬੋ, ਬਰਨਾਲਾ, ਮੋਗਾ, ਜ਼ੀਰਾ, ਮਲੋਟ ਤੇ ਕੋਟਕਪੂਰਾ ’ਚ ਟਰੈਕਟਰ ਮੰਡੀਆਂ ਲੱਗਦੀਆਂ ਹਨ। ਮੋਗਾ ਦੇ ਟਰੈਕਟਰ ਵਪਾਰੀ ਮਸਤਾਨ ਸਿੰਘ ਦੱਸਦੇ ਹਨ ਕਿ ਮਾਪੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਟਰੈਕਟਰ ਵੀ ਵੇਚ ਰਹੇ ਹਨ।

ਤਲਵੰਡੀ ਸਾਬੋ ਦੀ ਮੰਡੀ ਦੇ ਟਰੈਕਟਰ ਵਪਾਰੀ ਗੁਰਚਰਨ ਸਿੰਘ ਨੇ ਦੱਸਿਆ ਕਿ ਹਰ ਹਫਤੇ ਛੇ ਸੱਤ ਕਿਸਾਨ ਨਵੇਂ ਟਰੈਕਟਰ ਵੇਚਣ ਆਉਂਦੇ ਹਨ, ਜਿਨ੍ਹਾਂ ਨੇ ਆਪਣੇ ਬੱਚੇ ਵਿਦੇਸ਼ ਭੇਜਣੇ ਹੁੰਦੇ ਹਨ। ਸੂਤਰ ਦੱਸਦੇ ਹਨ ਕਿ ਕੋਟਬਖਤੂ ਦੇ ਇੱਕ ਘਰ ਨੇ ਸਟੱਡੀ ਵੀਜ਼ਾ ਲੱਗਣ ਮਗਰੋਂ ਟਰੈਕਟਰ ਵੀ ਵੇਚਿਆ ਹੈ। ਦੇਖਿਆ ਗਿਆ ਕਿ ਮੰਡੀਆਂ ਵਿਚ ਖੇਤੀ ਸੰਦ ਨਹੀਂ, ਮਾਪਿਆਂ ਨੂੰ ਅਰਮਾਨ ਵੇਚਣੇ ਪੈਂਦੇ ਹਨ। ਦੁਆਬੇ ਮਗਰੋਂ ਮਾਲਵੇ ਵਿਚ ਸਟੱਡੀ ਵੀਜ਼ੇ ਤੇ ਵਿਦੇਸ਼ ਜਾਣ ਦਾ ਰੁਝਾਨ ਇਕਦਮ ਤੇਜ਼ ਹੋਇਆ ਹੈ। ਰੁਜ਼ਗਾਰ ਦੀ ਕਮੀ ਤੇ ‘ਚਿੱਟੇ’ ਦੇ ਧੂੰਏਂ ਤੋਂ ਬਚਾਓ ਲਈ ਮਾਪੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਰਾਹ ਪਏ ਹਨ, ਚਾਹੇ ਕਿੰਨੇ ਵੀ ਪਾਪੜ ਕਿਉਂ ਨਾ ਵੇਲਣੇ ਪੈਣ।

ਫਿਰੋਜ਼ਪੁਰ ਦੇ ਪਿੰਡ ਪੋਨੇ ਕੇ ਉਤਾਰ ਦੇ ਇੱਕ ਘਰ ਦੀ ਵਿਥਿਆ ਨਵੇਂ ਸੰਕਟ ਨੂੰ ਦੱਸਣ ਲਈ ਕਾਫ਼ੀ ਹੈ। ਇਸ ਘਰ ਦੇ ਬਜ਼ੁਰਗ ਮਾਲਕ ਦੀ ਪਹਿਲੋਂ ਮੌਤ ਹੋ ਗਈ। ਪੂਰੀ ਜ਼ਮੀਨ ਵੇਚ ਕੇ ਮੁੰਡਾ ਵਿਦੇਸ਼ ਭੇਜ ਦਿੱਤਾ। ਮਗਰੋਂ ਮਾਂ ਦੀ ਮੌਤ ਹੋ ਗਈ ਤੇ ਮਾਂ ਦੇ ਸਸਕਾਰ ਤੇ ਭੋਗ ’ਤੇ ਵੀ ਪੁੱਤ ਨਾ ਆ ਸਕਿਆ। ਬਰਨਾਲਾ ਦੇ ਪਿੰਡ ਢਿਲਵਾਂ ਦੇ ਇੱਕ ਪਰਿਵਾਰ ਨੂੰ ਪੂਰੀ ਜ਼ਮੀਨ ਗਹਿਣੇ ਕਰਨੀ ਪਈ ਹੈ। ਲੜਕੇ ਵਿਦੇਸ਼ ਭੇਜਣ ਲਈ। ਮਜਬੂਰੀ ਦਾ ਸਿਰਾ ਹੈ ਕਿ ਮਾਪੇ ਦੁਧਾਰੂ ਪਸ਼ੂ ਵੀ ਵੇਚਣ ਦੇ ਰਾਹ ਪਏ ਰਹੇ ਹਨ। ਮਾਲਵਾ ਪਸ਼ੂ ਵਪਾਰੀ ਵੈਲਫੇਅਰ ਸੁਸਾਇਟੀ ਮੌੜ ਮੰਡੀ ਦੇ ਪ੍ਰਧਾਨ ਪਰਮਜੀਤ ਸਿੰਘ ਮਾਟਾ ਦੱਸਦੇ ਹਨ ਕਿ ਪਸ਼ੂ ਮੇਲਿਆਂ ਵਿਚ 60 ਫੀਸਦੀ ਪਸ਼ੂ ਮਜਬੂਰੀ ਦੇ ਭੰਨੇ ਵੇਚ ਰਹੇ ਹਨ, ਜਿਨ੍ਹਾਂ ਵਿਚ ਸਟੱਡੀ ਵੀਜ਼ੇ ਵਾਲੇ ਵੀ ਸ਼ਾਮਲ ਹਨ।

ਦੱਸ ਦੇਈਏ ਨਰਮਾ ਪੱਟੀ ਨੇ ਏਦਾਂ ਦੇ ਦਿਨ ਸਾਲ 1995 ਤੋਂ 2000 ਦੇ ਸਮੇਂ ਦੌਰਾਨ ਵੇਖੇ ਹਨ ਜਦੋਂ ਕਿਸਾਨ ਦਰੱਖ਼ਤ ਵੇਚ ਕੇ ਘਰਾਂ ਦਾ ਗੁਜ਼ਾਰੇ ਤੋਰਨ ਲਈ ਮਜਬੂਰ ਸਨ। ਹੁਣ ਪ੍ਰਵਾਸ ਖਾਤਰ ਪੁਰਾਣਾ ਵਰਤਾਰਾ ਜਨਮਿਆ ਹੈ। ਬਹੁਤੇ ਕਿਸਾਨ ਜ਼ਮੀਨਾਂ ਗਿਰਵੀ ਕਰ ਰਹੇ ਹਨ। ਇਸੇ ਆਸ ਤੇ ਉਮੀਦ ਨਾਲ ਕਿ ਬੱਚੇ ਵਿਦੇਸ਼ ਰੋਟੀ ਪੈਣ ਮਗਰੋਂ ਜ਼ਮੀਨਾਂ ਨੂੰ ਛੁਡਵਾ ਲੈਣਗੇ। ਮੁਕਤਸਰ ਦੇ ਦੋਦਾ ਦੇ ਨੌਜਵਾਨ ਕਿਸਾਨ ਜਗਮੀਤ ਸਿੰਘ ਨੇ ਦੱਸਿਆ ਕਿ ਜ਼ਮੀਨ ਗਿਰਵੀ ਕਰਨ ਮਗਰੋਂ ਬਹੁਤੇ ਕਿਸਾਨ ਉਸੇ ਜ਼ਮੀਨ ਨੂੰ ਠੇਕੇ ’ਤੇ ਵਾਹੁਣਾ ਸ਼ੁਰੂ ਕਰ ਦਿੰਦੇ ਹਨ। ਇਸ ਤਰ੍ਹਾਂ ਸਮਾਜ ’ਚ ਪਰਦਾ ਵੀ ਰਹਿ ਜਾਂਦਾ ਹੈ। ਦੇਖਿਆ ਜਾਵੇ ਕਿ ਇਕੱਲਾ ਵਿਦੇਸ਼ ਵਿਚ ਸਰਮਾਇਆ ਹੀ ਨਹੀਂ ਜਾ ਰਿਹਾ, ਪਿੱਛੇ ਘਰ ਵੀ ਖਾਲੀ ਹੋ ਰਹੇ ਹਨ। ਮਾਪਿਆਂ ਕੋਲ ਇਕੱਲੀਆਂ ਉਮੀਦਾਂ ਬਚੀਆਂ ਹਨ।

ਸਿੱਖ ਸੰਗਤ ਵਿਚ ਨਗਰ ਕੀਰਤਨ ਦੇ ਸਵਾਗਤ ਵਾਸਤੇ ਭਾਰੀ ਉਤਸ਼ਾਹ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਤੋਂ ਆਰੰਭ ਹੋ ਕੇ ਅੰਤਰ ਰਾਸ਼ਟਰੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ (ਕਪੂਰਥਲਾ) ਵਿਖੇ ਸਮਾਪਤ ਹੋਵੇਗਾ। ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ‘ਚੋਂ ਹੁੰਦਾ ਹੋਇਆ 18 ਅਕਤੂਬਰ ਨੂੰ ਮਾਨਸਾ ਜ਼ਿਲ੍ਹੇ ‘ਚ ਪਹੁੰਚ ਰਿਹਾ ਹੈ। ਜਿਸ ਦੇ ਸੰਬੰਧ ‘ਚ ਹਲਕਾ ਜੋਗਾ ਤੋਂ ਸ਼੍ਰੋਮਣੀ ਕਮੇਟੀ ਮੇੈਂਬਰ

ਗੁਰਪ੍ਰਰੀਤ ਸਿੰਘ ਝੱਬਰ ਵੱਲੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਨੂੰ ਮਿਲਕੇ ਨਗਰ ਕੀਰਤਨ ਦੇ ਸਵਾਗਤ ਲਈ ਉਚੇਚੇ ਪ੍ਰਬੰਧਾ ਲਈ ਪੱਤਰ ਦਿੱਤਾ। ਝੱਬਰ ਨੇ ਦੱਸਿਆ ਕਿ ਅੱਜ ਅਸੀਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲ ਕੇ ਅੰਤਰ ਰਾਸ਼ਟਰੀ ਨਗਰ ਕੀਰਤਨ ਦੇ ਸੰਬੰਧ ‘ਚ ਨਗਰ ਕੀਰਤਨ ਦੇ ਰੂਟ ਦੀ ਸਾਫ-ਸਫਾਈ, ਮਾਨਸਾ ਬਰਨਾਲਾ ਰੋਡ ਉੱਪਰ ਆਏ ਦਰਖਤ ਦੀ ਸਫਾਈ ,ਮੈਡੀਕਲ ਸਹੂਲਤ, ਟ੍ਰੈਫਿਕ ਕੰਟਰੋਲ ਲਈ ਟ੍ਰੈਫਿਕ ਪੁਲੀਸ, ਸਿਵਲ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਨੂੰ ਸੰਪੂਰਨ ਸਹਿਯੋਗ ਦੇਣ ਲਈ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਅੰਤਰ ਰਾਸ਼ਟਰੀ ਨਗਰ ਕੀਰਤਨ ਦੇ ਸਵਾਗਤ ਲਈ ਵੱਖ-ਵੱਖ ਸੂਬਿਆਂ ਦੀ ਸੰਗਤ ਤੇ ਮੁੱਖ ਮੰਤਰੀ ,

ਡਿਪਟੀ ਕਮਿਸ਼ਨਰ ਵੱਲ ਬਹੁਤ ਹੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਸੰਗਤ ਦਾ ਵੱਡੀ ਗਿਣਤੀ ‘ਚ ਸ਼ਾਮਲ ਹੋਣਾ ਤੇ ਸੰਗਤ ਦੀ ਸੇਵਾ ਕਰਨਾ ਹਰ ਇਕ ਸੂਬੇ ‘ਚ ਵੱਖਰੀ ਮਿਸਾਲ ਕਾਇਮ ਕਰ ਰਹੀ ਹੈ। ਝੱਬਰ ਨੇ ਦੱਸਿਆ ਕਿ 19 ਅਕਤੂਬਰ ਨੂੰ ਅੰਤਰ-ਰਾਸ਼ਟਰੀ ਨਗਰ ਕੀਰਤਨ ਗੁਰਦੁਆਰਾ ਸੂਲੀਸਰ ਸਾਹਿਬ ਪਾਤਸਾਹੀ ਨੌਵੀਂ ਕੋਟ ਧਰਮੁੂ ਤੋਂ ਆਰੰਭ ਹੋ ਕੇ ਮਾਨਸਾ, ਮਾਨਸਾ ਕੈਂਚੀਆਂ, ਤਾਮਕੋਟ, ਰੱਲਾ, ਜੋਗਾ, ਅਕਲੀਆ ਹੁੰਦਾ ਹੋਇਆ ਬਰਨਾਲਾ ਵਿਖੇ ਰਾਤ ਦਾ ਵਿਸ਼ਰਾਮ ਕਰੇਗਾ, ਉਨ੍ਹਾਂ ਸੰਗਤ ਨੂੰ ਬੇਨਤੀ ਕੀਤੀ ਕਿ

ਜਿਸ ਤਰ੍ਹਾਂ ਦੇਸ਼ ਭਰ ਦੀ ਸੰਗਤ ਵੱਲੋਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਗੁਰੂ ਸਾਹਿਬ ਦੀਆਂ ਖੜਾਵਾਂ ਤੇ ਪਵਿੱਤਰ ਵੱਟਿਆਂ ਦੇ ਦਰਸਨ ਕਰ ਰਹੀਆਂ ਹਨ ਉਸੇ ਤਰ੍ਹਾਂ ਅਸੀਂ ਵੀ ਥਾਂ-ਥਾਂ ਅੰਤਰ-ਰਾਸ਼ਟਰੀ ਨਗਰ ਕੀਰਤਨ ਦੇ ਸਵਾਗਤ ਲਈ ਪਹੁੰਚੀਏ ਤੇ ਆਪਣੇ ਨਗਰ ਦੇ ਕੋਲੋੰ ਰੂਟ ਦੀ ਪੂਰਨ ਸਫਾਈ ਕਰੀਏ। ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਵੀ ਪੂਰਨ ਸਹਿਯੋਗ ਦੇਣ ਲਈ ਆਖਿਆ ਗਿਆ। ਇਸ ਮੌਕੇ ਹਰਬੰਸ ਸਿੰਘ ਬਬਲੀ ਤੇ ਹਰਪ੍ਰਰੀਤ ਸਿੰਘ ਹੈਪੀ ਝੱਬਰ ਤੇ ਹੋਰ ਹਾਜ਼ਰ ਸਨ।

//onvictinitor.com/afu.php?zoneid=2952472